ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਵਾਰਡ ਨੰਬਰ 27 ਦੇ ਨਿਊ ਦੀਪ ਨਗਰ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈੱਲ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਇਸ ਟਿਊਬਵੈੱਲ ਨੂੰ ਸਾਬਕਾ ਕੌਂਸਲਰ ਸਵ: ਗੁਰਮੀਤ ਕੌਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਸਵ: ਗੁਰਮੀਤ ਕੌਰ ਦਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਰਿਹਾ ਅਤੇ ਹੁੰਦਲ ਪਰਿਵਾਰ ਅੱਜ ਵੀ ਉਨ੍ਹਾਂ ਵੱਲੋਂ ਦਿਖਾਏ ਰਸਤੇ ‘ਤੇ ਚਲਦੇ ਹੋਏ ਲੋਕ ਭਲਾਈ ਵਿਚ ਸਰਗਰਮ ਹੈ।
ਵਿਧਾਇਕ ਜਿੰਪਾ ਨੇ ਟਿਊਬਵੈੱਲ ਲਈ ਜ਼ਮੀਨ ਉਪਲਬੱਧ ਕਰਵਾਉਣ ਵਾਲੇ ਅਵਤਾਰ ਸਿੰਘ ਧਾਮੀ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਿਊ ਦੀਪ ਨਗਰ ਦੇ ਵਸਨੀਕ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਸਨ, ਜਿਸ ਦਾ ਹੱਲ ਇਸ ਟਿਊਬਵੈੱਲ ਰਾਹੀਂ ਕੀਤਾ ਗਿਆ ਹੈ। ਇਹ ਪ੍ਰੋਜੈਕਟ ਸਥਾਨਕ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਪਾਰਦਰਸ਼ਤਾ ਅਤੇ ਗੁਣਵੱਤਾ ਨਾਲ ਪੂਰਾ ਕੀਤਾ ਗਿਆ ਹੈ।
ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਨਿਰੰਤਰ ਵਿਕਾਸ ਵੱਲ ਵਧ ਰਿਹਾ ਹੈ। ਵਿਧਾਇਕ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਨਗਰ ਨਿਗਮ ਵੱਲੋਂ ਸ਼ਹਿਰ ਵਿਚ 25 ਤੋਂ ਵੱਧ ਨਵੇਂ ਟਿਊਬਵੈੱਲ ਲਗਾਏ ਗਏ ਹਨ, ਜਿਸ ਕਾਰਨ ਵੱਖ-ਵੱਖ ਖੇਤਰਾਂ ਵਿਚ ਪਾਣੀ ਦੀ ਸਪਲਾਈ ਦੀ ਸਥਿਤੀ ਵਿਚ ਕਾਫ਼ੀ ਸੁਧਾਰ ਹੋਇਆ ਹੈ।
ਇਸ ਉਦਘਾਟਨ ਸਮਾਗਮ ਵਿਚ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਪ੍ਰਦੀਪ ਬਿੱਟੂ ਜ਼ਿਲ੍ਹਾ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਹੁੰਦਲ, ਕਿਸ਼ਨ, ਦਵਿੰਦਰ ਬਿੱਲਾ, ਸੂਭਾਸ਼ ਚੰਦਰ, ਰਾਜਿੰਦਰ ਸਿੰਘ, ਲਾਲ ਸਿੰਘ, ਪ੍ਰੀਤਮ ਦਾਸ, ਸੋਮਨਾਥ, ਚਰਨਜੀਤ, ਸੁਦੇਸ਼ ਰਾਣੀ, ਦਲਵੀਰ ਕੌਰ, ਰਵਿੰਦਰ ਕੁਮਾਰ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।
Comments
Post a Comment