ਰਿਆਤ ਬਾਹਰਾ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਪਿੰਡ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਮੁਹਿੰਮ

ਹੁਸ਼ਿਆਰਪੁਰ/ਦਲਜੀਤ ਅਜਨੋਹਾ
ਰਿਆਤ-ਬਾਹਰਾ ਇੰਜੀਨੀਅਰਿੰਗ ਐਂਡ ਨੈਨੋ ਟੈਕਨੋਲੋਜੀ ਇੰਸਟੀਚਿਊਟ ਦੇ ਕੰਪਿਊਟਰ ਸਾਇੰਸ ਤੇ ਆਈ.ਟੀ. ਵਿਭਾਗ ਵੱਲੋਂ ਬੂਥਗੜ੍ਹ ਪਿੰਡ ਵਿੱਚ ਸਾਈਬਰ ਸੁਰੱਖਿਆ ਜਾਗਰੂਕਤਾ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਾਇਰੈਕਟਰ-ਪ੍ਰਿੰਸੀਪਲ ਡਾ. ਗੁਰਜੀਤ ਸਿੰਘ ਅਤੇ ਵਿਭਾਗ ਮੁਖੀ ਪ੍ਰੋ. ਸਿਮਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਇਸ ਮੁਹਿੰਮ ਦਾ ਮੁੱਖ ਉਦੇਸ਼ ਪਿੰਡ ਵਾਸੀਆਂ ਨੂੰ ਓ.ਟੀ.ਪੀ. (ਵਨ-ਟਾਈਮ ਪਾਸਵਰਡ) ਨਾਲ ਸੰਬੰਧਤ ਠੱਗੀ ਦੇ ਖਤਰੇ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਡਿਜੀਟਲ ਵਰਤਾਰਿਆਂ ਲਈ ਜਾਗਰੂਕ ਕਰਨਾ ਸੀ। ਇਸ ਵਿੱਚ ਬੀ.ਟੈਕ. ਸੀ.ਐਸ.ਈ. ਦੇ ਲਗਭਗ 100 ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਸਾਈਬਰ ਫ੍ਰੌਡ ਤੋਂ ਬਚਣ ਦੇ ਤਰੀਕੇ ਦੱਸੇ। ਪਿੰਡ ਦੀ ਪੰਚਾਇਤ ਅਤੇ ਲੋਕਾਂ ਨੇ ਧਿਆਨ ਨਾਲ ਜਾਣਕਾਰੀ ਸੁਣੀ ਅਤੇ ਆਪਣੇ ਸਵਾਲ ਵੀ ਪੁੱਛੇ।
ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਵਿੱਚ ਪ੍ਰੋ. ਚੇਤਨਾ ਸੈਣੀ ਅਤੇ ਪ੍ਰੋ. ਅੰਕੁਸ਼ ਹੰਸ ਦਾ ਵਿਸ਼ੇਸ਼ ਯੋਗਦਾਨ ਰਿਹਾ। ਆਖਿਰ ਵਿੱਚ ਵਿਦਿਆਰਥੀਆਂ ਨੇ ਪਿੰਡ ਵਿੱਚ ਰੈਲੀ ਕੱਢ ਕੇ ਲੋਕਾਂ ਨੂੰ ਸਾਈਬਰ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ ਦਾ ਸੁਨੇਹਾ ਦਿੱਤਾ। ਪਿੰਡ ਵਾਸੀਆਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਵਿਦਿਆਰਥੀਆਂ ਅਤੇ ਇੰਸਟੀਚਿਊਟ ਦੇ ਯਤਨਾਂ ਦੀ ਸ਼ਲਾਘਾ ਕੀਤੀ।

Comments