ਪੰਜਾਬ ਸਟੇਟ ਪੈਨਸ਼ਨਰ ਕਨਫੈਡਰੇਸ਼ਨ ਦੀ 2025-27 ਲਈ ਹੋਈ ਸਰਬਸੰਮਤੀ ਨਾਲ ਚੋਣ ਕਰਮ ਸਿੰਘ ਧਨੋਆ ਸੂਬਾ ਪ੍ਰਧਾਨ ਅਤੇ ਕੁਲਵਰਨ ਸਿੰਘ ਜਨਰਲ ਸਕੱਤਰ ਲਗਾਤਾਰ ਤੀਜੀ ਵਾਰ ਅਤੇ ਮਦਨ ਲਾਲ ਮੰਨਣ ਪਹਿਲੀ ਵਾਰ ਵਿੱਤ ਸਕੱਤਰ ਚੁਣੇ ਗਏ ਬੇਨਤੀਆਂ ਕਰ ਕਰ ਵੇਖ ਲਿਆ ਹੁਣ ਜੋਰ ਅਜਮਾ ਕੇ ਵੇਖਾਂਗੇ:- ਧਨੋਆ

ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦਾ ਸੂਬਾਈ ਡੈਲੀਗੇਟ-ਕਮ-ਚੋਣ ਇਜਲਾਸ ਕਨਫੈਡਰੇਸ਼ਨ ਦੇ ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਪੰਜਾਬ ਪੈਨਸ਼ਨਰ ਭਵਨ, ਮਿੰਨੀ ਸੈਕਟਰੀਏਟ ਲੁਧਿਆਣਾ ਵਿਖੇ ਪੂਰੀ ਸਫਲਤਾ ਦੇ ਨਾਲ ਸੰਪੰਨ ਹੋਇਆ।ਪ੍ਰਧਾਨਗੀ ਮੰਡਲ ਵਿਚ ਬਖਸ਼ੀਸ਼ ਸਿੰਘ ਮੁੱਖ ਸਲਾਹਕਾਰ, ਮਦਨ ਗੋਪਾਲ ਸ਼ਰਮਾ ਸਰਪ੍ਰਸਤ, ਜਵੰਦ ਸਿੰਘ ਸੀਨੀਅਰ ਮੀਤ ਪ੍ਰਧਾਨ, ਪਿਆਰਾ ਸਿੰਘ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾਈ ਮੁੱਖ ਬੁਲਾਰਾ ਰਾਜ ਕੁਮਾਰ ਅਰੋੜਾ ਤੋ ਇਲਾਵਾ ਪੰਜਾਬ ਦੇ ਵੀਹ ਜ਼ਿਲ੍ਹਿਆਂ ਦੇ ਪ੍ਰਧਾਨ ਮੌਜੂਦ ਸਨ। ਇਸ ਇਜਲਾਸ ਵਿਚ ਵੀਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਤੋ ਇਲਾਵਾ ਲਗਭਗ 90 ਯੂਨਿਟਾਂ ਦੇ 400 ਤੋਂ ਵੱਧ ਡੈਲੀ ਗੇਟਾਂ ਨਾਲ ਹਾਲ ਖਚਾ-ਖੱਚ ਭਰਿਆ ਹੋਇਆ। ਕਨਫੈਡਰੇਸ਼ਨ ਦੇ ਸੂਬਾਈ ਪ੍ਰੈਸ ਸਕੱਤਰ ਬਲਵੀਰ ਸਿੰਘ ਸੈਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਇਜਲਾਸ ਕਨਫੈਡਰੇਸ਼ਨ ਦੇ ਮਰਹੂਮ ਆਗੂ ਸ: ਮਹਿੰਦਰ ਸਿੰਘ ਪਰਵਾਨਾ ਦੀ ਬਰਸੀ ਮੌਕੇ ਸ਼ਰਧਾਂਜਲੀ ਵਜੋਂ ਉਨ੍ਹਾਂ ਨੂੰ ਸਮਰਪਿਤ ਕੀਤਾ ਗਿਆ। ਇਸ ਤੋਂ ਪਿਛਲੇ ਸਮੇਂ ਵਿੱਚ ਸਵਰਗਵਾਸ ਹੋ ਚੁੱਕੇ ਪੈਨਸ਼ਨਰ ਸਾਥੀਆਂ ਨੂੰ ਵੀ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਉਪਰੰਤ ਸੂਬਾ ਜਨਰਲ ਸਕੱਤਰ ਕੁਲਵਰਨ ਸਿੰਘ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੇ ਸੰਘਰਸ਼ਾਂ ਅਤੇ ਪੰਜਾਬ ਸਰਕਾਰ ਦੀ ਪੈਨਸ਼ਨਰ ਮਾਰੂ ਨੀਤੀ ਤੇ ਖੁੱਲ ਕੇ ਚਾਨਣਾ ਪਾਇਆ ਅਤੇ ਵਿਸਥਾਰ ਵਿਚ 2 ਸਾਲਾਂ ਵਿਚ ਕੀਤੇ ਗਏ ਸੰਘਰਸ਼ਾਂ ਅਤੇ  ਜੱਥੇਬੰਦਕ ਗਤੀਵਿਧੀਆਂ ਸਬੰਧੀ ਕਾਰਵਾਈ ਰਿਪੋਰਟ ਪੇਸ਼ ਕੀਤੀ ਅਤੇ ਡੈਲੀਗੇਟਾਂ ਦੇ ਜਨਰਲ ਇਜਲਾਸ ਵਿੱਚ ਜਨਰਲ ਸਕੱਤਰ ਵੱਲੋਂ 5 ਮਤੇ ਹਾਉਸ ਵਿੱਚ ਪੇਸ਼ ਕੀਤੇ। 1. ਪੰਜਾਬ ਸਟੇਟ ਪੈਨਸ਼ਨਰਜ ਕਨਫਰਡਰੇਸ਼ਨ ਪੈਨਸ਼ਨਰਾਂ ਪਰਿਵਾਰਕ ਪੈਨਸ਼ਨਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਹਰ ਪੱਧਰ ਤੇ ਯਤਨ ਜਾਰੀ ਰੱਖੇਗੀ। 2. ਸਾਂਝੇ ਸੰਘਰਸ਼ਾਂ ਵਿੱਚ ਵਿਸ਼ਵਾਸ ਰੱਖਦੇ ਹੋਏ ਕਨਫੈਡਰੇਸ਼ਨ "ਪੰਜਾਬ ਗੌਰਮਿੰਟ ਪੈਨਸ਼ਨਰ ਸਾਂਝੇ ਫਰੰਟ" ਅਤੇ "ਪੰਜਾਬ ਮੁਲਾਜ਼ਮ ਪੈਨਸ਼ਨਰ ਸਾਂਝੇ ਫਰੰਟ" ਵਿੱਚ ਸ਼ਮੂਲੀਅਤ ਜਾਰੀ ਰੱਖੇਗੀ ਅਤੇ ਚੱਲ ਰਹੇ ਸਾਂਝੇ ਸੰਘਰਸ਼ਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ। 3. ਪੰਜਾਬ ਸਰਕਾਰ ਦੇ 18-2-25 ਦੇ ਨੋਟੀਫਿਕੇਸ਼ਨ ਅਨੁਸਾਰ ਪੈਨਸ਼ਨਰਾਂ ਨੂੰ 1-1-16 ਤੋਂ 30-6-21 ਤੱਕ ਦੇ 'ਛੇਵੇਂ ਤਨਖਾਹ ਕਮਿਸ਼ਨ' ਦੇ ਬਕਾਏ ਸਤੰਬਰ, 2028 ਤੱਕ ਕਿਸ਼ਤਾਂ ਵਿੱਚ ਦੇਣ ਦੀ ਨਿਖੇਧੀ ਕੀਤੀ ਜਾਂਦੀ ਹੈ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਪੈਨਸ਼ਨਰਾਂ ਨੂੰ ਇਹ ਬਕਾਏ ਯਕਮੁਸ਼ਤ ਤੁਰੰਤ ਦਿੱਤੇ ਜਾਣ। 4. ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪੂਰਤੀ ਨਾ ਕਰਨ ਦੀ ਨਿਖੇਦੀ ਕੀਤੀ ਜਾਂਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ ਪੈਨਸ਼ਨਾਂ ਦੀਆਂ ਮੰਗਾਂ ਦਾ ਨਿਪਟਾਰਾ ਛੇਤੀ ਕੀਤਾ ਜਾਵੇ। 5. ਪੰਜਾਬ ਸਰਕਾਰ ਵੱਲੋਂ 2018 ਦੇ ਐਕਟ ਤਹਿਤ ਠੋਸਿਆ 200/- ਰੁ: ਪ੍ਰਤੀ ਮਹੀਨਾ ਦਾ ਡਿਵੈਲਪਮੈਂਟ ਟੈਕਸ, ਬੈਂਕਾਂ ਵੱਲੋਂ, ਪੈਨਸ਼ਨਰ ਜੋ ਸੀਨੀਅਰ ਸਿਟੀਜਨ ਹਨ ਦਾ ਵੀ ਕੱਟਿਆ ਜਾ ਰਿਹਾ ਹੈ। ਅੱਜ ਦੀ ਸਭਾ ਇਸ ਦੀ ਨਿਖੇਧੀ ਕਰਦੀ ਹੈ ਤੇ ਮੰਗ ਕੀਤੀ ਜਾਂਦੀ ਹੈ ਕਿ 200/- ਰੁ: ਡਿਵੈਲਪਮੈਂਟ ਟੈਕਸ ਸਮੁੱਚੇ ਪੈਨਸ਼ਨਰਾਂ ਦਾ ਤੁਰੰਤ ਕੱਟਣਾ ਬੰਦ ਕੀਤਾ ਜਾਵੇ ਅਤੇ ਕੱਟੀ ਹੋਈ ਕੁੱਲ ਰਕਮ ਤੁਰੰਤ ਵਾਪਸ ਕੀਤੀ ਜਾਵੇ। ਇਸ ਉਪਰੰਤ ਵਿੱਤ ਸਕੱਤਰ ਪ੍ਰੇਮ ਚੰਦ ਅਗਰਵਾਲ ਵਲੋਂ ਵੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਦੋਵਾਂ ਹੀ ਰਿਪੋਰਟਾਂ ਤੇ ਡੈਲੀਗੇਟ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਦੋਵਾਂ ਹੀ ਰਿਪੋਰਟਾਂ ਤੇ ਤਸੱਲੀ ਪਰਗਟ ਕਰਦਿਆ ਖੂਬ ਪ੍ਰਸੰਸਾ ਕੀਤੀ। ਦੋਵਾਂ ਹੀ ਰਿਪੋਰਟਾਂ ਨੂੰ ਬਿਨਾਂ ਕਿਸੇ ਵਿਰੋਧ ਜਾਂ ਸੋਧ ਦੇ ਸਰਬਸਮੰਤੀ ਨਾਲ ਹਾਜਰ ਪੈਨਸ਼ਨਰ ਸਾਥੀਆਂ ਨੇ ਤਾੜੀਆਂ ਦੀ ਗੂੰਜ ਵਿੱਚ ਪਾਸ ਕੀਤਾ। ਸੂਬਾ ਪ੍ਰਧਾਨ ਕਰਮ ਸਿੰਘ ਧਨੋਆ ਨੇ ਆਪਣੇ ਸੰਬੋਧਨ ਦੌਰਾਨ ਪੰਜਾਬ ਦੇ ਸਮੂਹ ਪੈਨਸ਼ਨਰਾਂ ਵਲੋ ਸੰਘਰਸ਼ਾਂ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਸਰਕਾਰ ਨੂੰ ਆੜੈ ਹੱਥੀ ਲੈਦਿਆਂ ਕਿਹਾ ਕਿ ਬੇਨਤੀਆਂ ਕਰ ਕਰ ਕਈ ਵਾਰ ਵੇਖ ਲਿਆ ਹੈ ਪਰ ਸਰਕਾਰ ਹਰ ਵਾਰ ਗੱਲਬਾਤ ਤੋਂ ਭਜਦੀ ਰਹੀ ਹੈ। ਜਿਸ ਕਰਕੇ ਸਮੁੱਚੇ ਪੈਨਸ਼ਨਰ ਸਾਥੀ ਸਰਕਾਰ ਦੀਆਂ ਪੈਨਸ਼ਨਰ ਮਾਰੂ ਨੀਤੀਆਂ ਤੋਂ ਦੁਖੀ ਤੇ ਨਾਰਾਸ਼ ਹਨ। ਉਨ੍ਹਾਂ ਕਿਹਾ ਕਿ ਬੇਨਤੀਆਂ ਕਰ ਕਰ ਬਹੁਤ ਵੇਖ ਲਿਆ ਹੁਣ ਜੋਰ ਅਜਮਾ ਕੇ ਵੇਖਾਂਗੇ। ਉਨ੍ਹਾਂ ਜਨਰਲ ਸਕੱਤਰ ਵਲੋਂ ਪੇਸ਼ ਕੀਤੇ 5 ਮਤਿਆਂ ਤੇ ਵੀ ਹਾੳਸ ਤੋਂ ਦੋਵੇਂ ਹੱਥ ਖੜੇ ਕਰਕੇ ਪ੍ਰਵਾਨਗੀ ਮੰਗੀ ਜਿਸ ਨੂੰ ਸਰਬਸੰਮਤੀ ਨਾਲ ਦੋਵੇ ਹੱਥ ਖੜੇ ਕਰਕੇ ਸਮੁੱਚੇ ਪੈਨਸ਼ਨਰ ਸਾਥੀਆਂ ਨੇ ਪ੍ਰਵਾਨਗੀ ਦਿਤੀ। ਇਸ ਉਪਰੰਤ ਸੂਬਾ ਪ੍ਰਧਾਨ ਵਲੋਂ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਪਹਿਲਾਂ ਹੀ ਬਣਾਏ ਚੋਣ ਕਮੇਟੀ ਪੈਨਲ ਜਿਸ ਵਿਚ ਸ੍ਰੀ ਮਦਨ ਗੋਪਾਲ ਸ਼ਰਮਾ ਕਨਵੀਨਰ, ਸ੍ਰੀ ਜਗਦੀਸ਼ ਸਿੰਘ ਸਰਾਓ ਮੈਬਰ ਅਤੇ ਸ੍ਰੀ ਸਵਿੰਦਰ ਸਿੰਘ ਔਲਖ ਮੈਬਰ ਨੂੰ ਅਗਲੇ ਦੋ ਸਾਲਾਂ 2025-27 ਦੀ ਨਵੀ ਚੋਣ ਕਰਵਾਉਣ ਲਈ ਸਟੇਜ ਸੌਂਪ ਦਿਤੀ ਗਈ। ਕਨਵੀਨਰ ਮਦਨ ਗੋਪਾਲ ਸ਼ਰਮਾ ਵਲੋ ਹਾਜਰ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਵੱਖ ਕਮਰੇ ਵਿਚ ਵੱਖਰੀ ਮੀਟਿੰਗ ਕੀਤੀ ਗਈ। ਮੀਟਿੰਗ ਉਪਰੰਤ ਚੋਣ ਕਮੇਟੀ ਪੈਨਲ ਦੇ ਕਨਵੀਨਰ ਮਦਨ ਗੋਪਾਲ ਸ਼ਰਮਾ ਵਲੋ ਖੁੱਲੇ ਪੰਡਾਲ ਵਿਚ ਪਹੁੰਚ ਕੇ ਡੈਲੀਗੇਟ ਪੈਨਸ਼ਨਰ ਸਾਥੀਆਂ ਦੇ ਹਾਊਸ ਨੂੰ ਜਾਣਕਾਰੀ ਦਿੱਤੀ ਕਿ ਮੀਟਿੰਗ ਦੌਰਾਨ ਜ਼ਿਲ੍ਹਿਆਂ ਦੇ ਪ੍ਰਧਾਨਾਂ ਵਲੋਂ ਸ੍ਰੀ ਕਰਮ ਸਿੰਘ ਧਨੋਆ ਮੁੜ ਸੂਬਾ ਪ੍ਰਧਾਨ, ਸ੍ਰੀ ਕੁਲਵਰਨ ਸਿੰਘ ਹੁਸ਼ਿਆਰਪੁਰ ਮੁੜ ਜਨਰਲ ਸਕੱਤਰ ਅਤੇ ਸ੍ਰੀ ਮਦਨ ਲਾਲ ਮੰਨਣ ਅੰਮ੍ਰਿਤਸਰ ਨੂੰ ਵਿੱਤ ਸਕੱਤਰ ਬਨਾਉਣ ਦੀ ਸਰਬਸਮੰਤੀ ਨਾਲ ਸਹਿਮਤੀ ਦਿੱਤੀ ਗਈ ਹੈ। ਉਨ੍ਹਾਂ ਹਾਉਸ ਤੋਂ ਮੰਗ ਕੀਤੀ ਕਿ ਜੇਕਰ ਹਾਉਸ ਜ਼ਿਲ੍ਹਿਆਂ ਦੇ ਪ੍ਰਧਾਨਾਂ ਵਲੋਂ ਲਏ ਫੈਸਲੇ ਨਾਲ ਸਹਿਮਤ ਹੈ ਤਾਂ ਦੋਵੇ ਹੱਥ ਖੜੇ ਕਰ ਇਸ ਚੋਣ ਨੂੰ ਪ੍ਰਵਾਨਗੀ ਦਿੱਤੀ ਜਾਵੇ। ਜਿਸ ਨੂੰ ਖਚਾ-ਖੱਚ ਭਰੇ ਪੈਨਸ਼ਨਰ ਸਾਥੀਆਂ ਨੇ ਤਾੜੀਆਂ ਦੀ ਗੂੰਜ ਨਾਲ ਸਵੀਕਾਰ ਕਰਦੇ ਹੋਏ ਕਰਮ ਸਿੰਘ ਧਨੋਆ ਸੂਬਾ ਪ੍ਰਧਾਨ, ਕੁਲਵਰਨ ਸਿੰਘ ਜਨਰਲ ਸਕੱਤਰ ਅਤੇ ਮਦਨ ਲਾਲ ਮੰਨਣ ਵਿੱਤ ਸਕੱਤਰ ਚੁਣੇ ਜਾਣ ਦੀ ਪ੍ਰਵਾਨਗੀ ਦਿੱਤੀ। ਅੰਤ ਵਿੱਚ ਸੂਬਾ ਪ੍ਰਧਾਨ ਸ੍ਰੀ ਕਰਮ ਸਿੰਘ ਧਨੋਆ ਵਲੋ ਹਾਊਸ ਵਿਚ ਸ੍ਰੀ ਰਾਜ ਕੁਮਾਰ ਅਰੋੜਾ ਜੋ ਕਿ ਪਹਿਲਾਂ ਹੀ ਸੀਨੀਅਰ ਮੀਤ ਪ੍ਰਧਾਨ ਅਤੇ ਸੂਬੇ ਦੇ ਮੁੱਖ ਬੁਲਾਰੇ ਚੱਲੇ ਆ ਰਹੇ ਸਨ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ। ਉਨ੍ਹਾਂ ਚੋਣ ਵਿੱਚ ਹਿਸਾ ਲੈਣ ਆਏ ਡੈਲੀਗੇਟ ਪੈਨਸ਼ਨਰ ਸਾਥੀਆਂ ਵਲੋਂ ਚੋਣ ਨੂੰ ਸਰਬਸੰਮਤੀ ਨਾਲ ਨੇਪਰੇ ਚਾੜਨ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਹਾਉਸ ਨੂੰ ਪੈਨਸ਼ਨਰ ਸਾਥੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਾਉਣ ਅਤੇ ਸਰਕਾਰ ਨਾਲ ਮੰਗਾਂ ਸਬੰਧੀ ਗਲਬਾਤ ਕਰਨ ਅਤੇ ਸੰਘਰਸ਼ਾਂ ਤੇ ਦਰਿੜਤਾ ਨਾਲ ਪਹਿਰਾ ਦੇਣ ਦਾ ਵੀ ਯਕੀਨ ਦਵਾਇਆ।

Comments