ਚੱਬੇਵਾਲ ਦੇ ਸਕੂਲ ਨਹੀਂ ਰਹਿਣਗੇ ਅਧਿਆਪਕ-ਰਹਿਤ : ਵਿਧਾਇਕ ਡਾਕਟਰ ਈਸ਼ਾਂਕ ਕਿਹਾ - ਅਧਿਆਪਕਾਂ ਦੀ ਨਿਯੁਕਤੀ ਨਾਲ ਸਿੱਖਿਆ ਪ੍ਰਣਾਲੀ ਹੋਵੇਗੀ ਮਜ਼ਬੂਤ

ਹੁਸ਼ਿਆਰਪੁਰ/ ਦਲਜੀਤ ਅਜਨੋਹਾ / ਚੱਬੇਵਾਲ ਵਿਧਾਨ ਸਭਾ ਹਲਕੇ ਦੇ ਸਰਕਾਰੀ ਸਕੂਲਾਂ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ ਅਧਿਆਪਕਾਂ ਦੇ ਅਹੁਦੇ  ਹੁਣ ਭਰ ਦਿੱਤੇ ਗਏ ਹਨ। ਵਿਧਾਇਕ ਡਾ. ਈਸ਼ਾਂਕ ਨੇ ਇਸ ਨੂੰ   ਮਹੱਤਵਪੂਰਨ ਉਪਲਬਧੀ ਦੱਸਦਿਆਂ ਕਿਹਾ  ਕਿ ਵਿਧਾਨ ਸਭਾ ਹਲਕੇ ਦੇ  ਸਕੂਲਾਂ ਵਿੱਚ 99 ਫੀਸਦੀ ਅਹੁਦਿਆਂ 'ਤੇ ਅਧਿਆਪਕਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਕੋਈ ਵੀ ਸਕੂਲ ਅਧਿਆਪਕ-ਰਹਿਤ ਨਹੀਂ ਰਹੇਗਾ। ਉਨ੍ਹਾਂ ਨੇ ਇਸ ਨੂੰ ਹਲਕੇ ਦੀ ਸਿੱਖਿਆ ਪ੍ਰਣਾਲੀ ਲਈ ਇਤਿਹਾਸਕ ਕਦਮ ਦੱਸਿਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਦਾ ਧੰਨਵਾਦ ਕੀਤਾ।
ਵਿਧਾਨ ਸਭਾ 'ਚ ਉਠਾਇਆ ਸੀ ਮਾਮਲਾ
ਵਿਧਾਇਕ ਡਾ. ਈਸ਼ਾਂਕ ਨੇ ਦੱਸਿਆ ਕਿ ਉਨ੍ਹਾਂ ਨੇ ਵਿਧਾਨ ਸਭਾ ਅਧਿਵੇਸ਼ਨ ਦੌਰਾਨ ਵੀ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੇ ਅਹੁਦੇ ਲੰਬੇ ਸਮੇਂ ਤੋਂ ਖਾਲੀ ਪਏ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਦੁਆਰਾ ਕੀਤੇ ਗਏ ਪ੍ਰਸ਼ਨਾਂ ਤੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਨਿਯੁਕਤੀਆਂ ਕੀਤੀਆਂ ਜਾਣਗੀਆਂ। ਸਰਕਾਰ ਨੇ ਤੇਜ਼ ਕਾਰਵਾਈ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 700 ਤੋਂ ਵੱਧ ਅਧਿਆਪਕਾਂ ਦੀ ਨਿਯੁਕਤੀ ਕੀਤੀ, ਜਿਸ ਵਿੱਚੋਂ ਚੱਬੇਵਾਲ ਹਲਕੇ ਨੂੰ 173 ਅਧਿਆਪਕ ਮਿਲੇ ਹਨ।
ਇਸ ਮੌਕੇ 'ਤੇ ਵਿਧਾਇਕ ਡਾ. ਈਸ਼ਾਂਕ ਨੇ ਲੋਕ ਸਭਾ ਮੈਂਬਰ ਅਤੇ ਸਾਬਕਾ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਹ ਨਿਯੁਕਤੀਆਂ ਕਰਵਾਉਣ ਲਈ ਲਗਾਤਾਰ ਯਤਨ ਕੀਤੇ। ਉਨ੍ਹਾਂ ਕਿਹਾ ਕਿ ਇਹ ਨਿਯੁਕਤੀਆਂ ਸਿਰਫ਼ ਇੱਕ ਪਰਸ਼ਾਸ਼ਨਿਕ ਫੈਸਲਾ ਨਹੀਂ, ਸਗੋਂ ਚੱਬੇਵਾਲ ਦੇ ਬੱਚਿਆਂ ਦੇ ਬਿਹਤਰ ਭਵਿੱਖ ਵਲ ਇੱਕ ਵੱਡਾ ਕਦਮ ਹੈ।
ਗੁਣਵੱਤਾਪੂਰਨ ਸਿੱਖਿਆ ਵੱਲ ਵਧਦਾ ਪੰਜਾਬ
ਵਿਧਾਇਕ ਡਾ. ਈਸ਼ਾਂਕ ਨੇ ਕਿਹਾ ਕਿ ਇਹ ਨਿਯੁਕਤੀਆਂ ਰਾਜ ਸਰਕਾਰ ਵੱਲੋਂ ਵਧੀਆ ਸਿੱਖਿਆ ਦੇ ਵਾਅਦੇ ਨੂੰ ਪੂਰਾ ਕਰਨ ਵਲ ਇੱਕ ਮਹੱਤਵਪੂਰਨ ਕਦਮ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਬਿਹਤਰ ਬਣਾਉਣ ਲਈ ਅੱਗੇ ਵੀ ਯਤਨ ਜਾਰੀ ਰਹਿਣਗੇ। ਉਨ੍ਹਾਂ ਕਿਹਾ, "ਸਾਡੇ ਸਰਕਾਰੀ ਸਕੂਲ ਇੰਨੇ ਮਜ਼ਬੂਤ ਬਣਾਉਣੇ ਹਨ ਕਿ ਉਹ ਕਿਸੇ ਵੀ ਨਿੱਜੀ ਸਕੂਲ ਤੋਂ ਵਧੀਆ ਸਿੱਖਿਆ ਦੇਣ।"
ਨਵੇਂ ਨਿਯੁਕਤ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਈਸ਼ਾਂਕ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਸ਼ਾਨਦਾਰ ਸਿੱਖਿਆ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਅਧਿਆਪਕ ਸਿਰਫ਼ ਨੌਕਰੀ ਨਹੀਂ ਕਰਦੇ, ਸਗੋਂ ਪੂਰੇ ਸਮਾਜ ਦਾ ਨਿਰਮਾਣ ਕਰਦੇ ਹਨ। ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਤਦ ਹੀ ਸਫ਼ਲ ਹੋਵੇਗਾ ਜਦ ਅਧਿਆਪਕ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਸਿੱਖਿਆ ਖੇਤਰ ਵਿੱਚ ਸੁਧਾਰ ਵੱਲ ਵੱਡਾ ਕਦਮ
ਪੰਜਾਬ ਸਰਕਾਰ ਸਿੱਖਿਆ ਖੇਤਰ ਵਿੱਚ ਨਿਰੰਤਰ ਸੁਧਾਰ ਲਿਆਉਣ ਲਈ ਪ੍ਰਤੀਬੱਧ ਹੈ। ਸਰਕਾਰੀ ਸਕੂਲਾਂ ਨੂੰ ਵਧੀਆ ਸਹੂਲਤਾਂ ਨਾਲ ਲੈਸ ਕਰਨ, ਅਧਿਆਪਕਾਂ ਦੀ ਘਾਟ ਦੂਰ ਕਰਨ ਅਤੇ ਸਿੱਖਿਆ ਪੱਧਰ ਉੱਚਾ ਚੁੱਕਣ ਲਈ ਢਿੱਲ ਨਹੀਂ ਛੱਡੀ ਜਾ ਰਹੀ।
ਇਹ ਨਿਯੁਕਤੀ ਅਭਿਆਨ ਚੱਬੇਵਾਲ ਹਲਕੇ ਵਿੱਚ ਸਿੱਖਿਆ ਦੀ ਗੁਣਵੱਤਾ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਿਦਿਆਰਥੀ ਆਪਣੇ ਭਵਿੱਖ ਨੂੰ ਹੋਰ ਚੰਗੀ ਤਰ੍ਹਾਂ ਸੰਵਾਰ ਸਕਣਗੇ। ਸਿੱਖਿਆ ਕਿਸੇ ਵੀ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਅਤੇ ਚੱਬੇਵਾਲ ਹਲਕੇ ਵਿੱਚ ਅਧਿਆਪਕਾਂ ਦੀ ਨਿਯੁਕਤੀ ਨਾਲ ਇਹ ਯਕੀਨੀ ਬਣੇਗਾ ਕਿ ਹਰੇਕ ਵਿਦਿਆਰਥੀ ਨੂੰ ਵਧੀਆ ਸਿੱਖਿਆ ਮਿਲੇ।
ਸਰਕਾਰ ਦੀ ਇਹ ਪਹਲ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਇੱਕ ਨਵੀਂ ਉਮੀਦ ਲੈ ਕੇ ਆਈ ਹੈ। ਵਿਧਾਇਕ ਡਾ. ਈਸ਼ਾਂਕ ਨੇ ਭਰੋਸਾ ਦਿਵਾਇਆ ਕਿ ਚੱਬੇਵਾਲ ਨੂੰ ਇੱਕ ਆਦਰਸ਼ ਸਿੱਖਿਆ ਕੇਂਦਰ ਬਣਾਉਣ ਦੀ ਦਿਸ਼ਾ ਵਿੱਚ ਯਤਨ ਜਾਰੀ ਰਹਿਣਗੇ।

Comments