ਹੁਸ਼ਿਆਰਪੁਰ ਨੇਚਰ ਫੈਸਟ-2025, ਕੁਦਰਤ ਦੇ ਕਰੀਬ ਪਹੁੰਚਣ ਦਾ ਅਨੋਖਾ ਸੰਗਮ ਸੋਲਿਸ ਠਰੋਲੀ ’ਚ ਨਾਈਟ ਕੈਂਪਿੰਗ ਅਤੇ ਸੰਗੀਤ ਦਾ ਜਾਦੂ ਟਰੈਕਿੰਗ, ਸਾਈਕਲੋਥਾਨ, ਕਿਡਸ ਕਾਰਨੀਵਾਲ, ਸਭਿਆਚਾਰਕ ਪ੍ਰੋਗਰਾਮ ਤੇ ਭਾਰਤ-ਪਾਕਿ ਕ੍ਰਿਕਟ ਮੈਚ ਦੀ ਲਾਈਵ ਸਕਰੀਨਿੰਗ ਦਾ ਲੋਕਾਂ ਨੇ ਮਾਣਿਆ ਭਰਪੂਰ ਆਨੰਦ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸ਼ਨੀਵਾਰ ਸ਼ਾਮ ਨੂੰ ਸੈਲਾਨੀਆਂ ਨੇ ਜਿਥੇ ਸੋਲਿਸ ਠਰੋਲੀ ’ਚ ਨਾਈਟ ਕੈਂਪਿੰਗ ਦਾ ਆਨੰਦ ਮਾਣਿਆ, ਉਥੇ ਐਤਵਾਰ ਸਵੇਰੇ ਟਰੈਕਿੰਗ ਕਰਕੇ ਕੁਦਰਤ ਨੂੰ ਨੇੜਿਓਂ ਦੇਖਿਆ। ਐਤਵਾਰ ਨੂੰ ਲੋਕਾਂ ਨੇ ਸਾਈਕਲੋਥਾਨ, ਕਿਡਸ ਕਾਰਨੀਵਾਲ, ਸਭਿਆਚਾਰਕ ਪ੍ਰੋਗਰਾਮਾਂ ਅਤੇ ਭਾਰਤ-ਪਾਕਿ ਕ੍ਰਿਕਟ ਮੈਚ ਦੀ ਲਾਈਵ ਸਕਰੀਨਿੰਗ ਦਾ ਖੂਬ ਆਨੰਦ ਮਾਣਿਆ।
ਸ਼ਨੀਵਾਰ ਦੀ ਸ਼ਾਮ ਹੁਸ਼ਿਆਰਪੁਰ ਦੇ ਨੇਚਰ ਫੈਸਟ-2025 ਤਹਿਤ ਸੋਲਿਸ ਠਰੋਲੀ ਵਿਖੇ ਸੈਲਾਨੀਆਂ ਨੇ ਨਾਈਟ ਕੈਂਪਿੰਗ ਦਾ ਆਨੰਦ ਲਿਆ। ਇਸ ਦੌਰਾਨ ਨਾਈਟ ਲਾਈਵ ਬੈਂਡ ਨੇ ਸਮਾਂ ਬੰਨ੍ਹਿਆ, ਜਿਸ ਵਿਚ ਗੋਲਡਨ ਨੂਰ ਮਿਊਜ਼ੀਕਲ ਗਰੁੱਪ ਦੀ ਜਿਓਤੀ ਸੂਰੀ, ਤਾਨਿਆ ਸੂਰੀ ਅਤੇ ਸਤੀਸ਼ ਸਿਲ੍ਹੀ ਉਪਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਮੰਤਰਮੁਗਧ ਕੀਤਾ।
ਐਤਵਾਰ ਸਵੇਰੇ ਲਾਜਵੰਤੀ ਸਪੋਰਟਸ ਸਟੇਡੀਅਮ ਤੋਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਾਈਕਲੋਥਾਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਪ੍ਰੋਗਰਾਮ ਨੂੰ ਜ਼ਿਲ੍ਹਾ ਪ੍ਰਸ਼ਾਸਨ, ਫਿਟ ਬਾਈਕਰਸ ਕਲੱਬ ਅਤੇ ਸਚਦੇਵਾ ਸਟਾਕਸ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਸਾਈਕਲ ਪ੍ਰੇਮੀਆਂ ਨੇ ਹਿੱਸਾ ਲਿਆ ਅਤੇ ਫਿਟਨੈਸ ਪ੍ਰਤੀ ਜਾਗਰੂਕਤਾ ਦਾ ਸੰਦੇਸ਼ ਦਿੱਤਾ। ਇਸ ਦੌਰਾਨ ਸਚਦੇਵਾ ਸਟਾਕਸ ਤੋਂ ਪਰਮਜੀਤ ਸਿੰਘ ਸਚਦੇਵਾ ਵੀ ਮੌਜੂਦ ਸਨ।
ਵਣ ਚੇਤਨਾ ਪਾਰਕ ਵਿਚ ਕਰਵਾਏ ਗਏ ਕਿਡਸ ਕਾਰਨੀਵਾਲ ਵਿਚ ਬੱਚਿਆਂ ਲਈ ਪੇਟਿੰਗ ਪ੍ਰਤੀਯੋਗਤਾ ਸਮੇਤ ਕਈ ਰੌਚਕ ਗਤੀਵਿਧੀਆਂ ਕਰਵਾਈਆਂ ਗਈਆਂ। ਬੱਚਿਆਂ ਨੇ ਤੰਬੋਲਾ, ਮਿਊਜ਼ਕਲ ਚੇਅਰ, ਕਲੋਨ ਫੇਸ ਗੇਮ, ਸਪਿਨ ਏ ਵਹੀਲ, ਪਿੰਕ ਐਂਡ ਆਂਸਰ, ਪੇਅਰ ਗੇਮ ਅਤੇ ਸੀਡ ਬਾਲ ਮੇਕਿੰਗ ਵਰਕਸ਼ਾਪ ਦਾ ਆਨੰਦ ਲਿਆ। ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ. ਸੰਜੀਵ ਕੁਮਾਰ ਤਿਵਾੜੀ ਦੀ ਦੇਖਰੇਖ ਵਿਚ ਬੱਚਿਆਂ ਨੇ ਨੇਚਰ ਇੰਟਰਪ੍ਰੈਟੇਸ਼ਨ ਸੈਂਟਰ ਦਾ ਦੌਰਾ ਵੀ ਕੀਤਾ। ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਅਤੇ ਡਾ. ਤਿਵਾੜੀ ਨੇ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ।
ਲਾਜਵੰਤੀ ਸਟੇਡੀਅਮ ਵਿਚ ਭਾਰਤ ਬਨਾਮ ਪਾਕਿਸਤਾਨ ਕ੍ਰਿਕਟ ਮੈਚ ਦੀ ਲਾਈਵ ਸਕਰੀਨਿੰਗ ਨੇ ਦਰਸ਼ਕਾਂ ਦਾ ਮਨੋਰੰਜਨ ਵਧਾ ਦਿੱਤਾ। ਖੇਡ ਪ੍ਰੇਮੀਆਂ ਨੇ ਇਸ ਮੌਕੇ ਭਰਪੂਰ ਆਨੰਦ ਮਾਣਿਆ ਅਤੇ ਸਟੇਡੀਅਮ ਵਿਚ ਮਾਹੌਲ ਕ੍ਰਿਕਟ ਪ੍ਰੇਮੀਆਂ ਨਾਲ ਭਰ ਗਿਆ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ 24 ਫਰਵਰੀ ਨੂੰ ਕੂਕਾਨੇਟ-ਦੇਹਰੀਆਂ ਵਿਖੇ ਆਫ-ਰੋਡਿੰਗ ਅਡਵੈਂਚਰ ਹੋਵੇਗਾ। ਸਟੈਡੀਅਮ ਵਿਚ ਕਾਈਟ ਸ਼ੋਅ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ। 24 ਫਰਵਰੀ ਨੂੰ ਨੇਚਰ ਰਿਟਰੀਟ, ਚੌਹਾਲ ਵਿਖੇ ਬੋਟਿੰਗ ਅਤੇ ਜੰਗਲ ਸਫ਼ਾਰੀ ਹੋਵੇਗੀ। ਸ਼ਾਮ ਨੂੰ ਪ੍ਰਸਿੱਧ ਗਾਇਕ ਕੰਵਰ ਗਰੇਵਲ ਆਪਣੀ ਪੇਸ਼ਕਾਰੀ ਕਰਨਗੇ ਅਤੇ ਇਸ ਦੇ ਨਾਲ ਹੀ ਨੈਚਰ ਫੈਸਟ-2025 ਦੀ ਸਮਾਪਤੀ ਹੋਵੇਗੀ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਨੇਚਰ ਫੈਸਟ ਹੁਸ਼ਿਆਰਪੁਰ ਦਾ ਉਦੇਸ਼ ਹੁਸ਼ਿਆਰਪੁਰ ਦੀ ਕੁਦਰਤੀ ਸੁੰਦਰਤਾ ਅਤੇ ਸੈਰ ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਨਾ ਕੇਵਲ ਅਡਵੈਂਚਰ ਅਤੇ ਮਨੋਰੰਜਨ ਦਾ ਸੰਗਮ ਹੈ ਬਲਕਿ ਲੋਕਾਂ ਨੂੰ ਕੁਦਰਤ ਦੇ ਨੇੜੇ ਲਿਆਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਪਹਿਲ ਵੀ ਹੈ।
Comments
Post a Comment