ਡਿਪਟੀ ਕਮਿਸ਼ਨਰ ਵਲੋਂ ਰੋਜ਼ਗਾਰ ਬਿਊਰੋ ਦੀਆਂ ਗਤੀਵਿਧੀਆਂ ਤੇ ਪ੍ਰਗਤੀ ਦੀ ਸਮੀਖਿਆ

ਹੁਸ਼ਿਆਰਪੁਰ/ ਦਲਜੀਤ ਅਜਨੋਹਾ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ) ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਤੇ ਚੇਅਰਪਰਸਨ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਡੀ.ਬੀ.ਈ.ਈ ਦੀਆਂ ਗਤੀਵਿਧੀਆਂ ਅਤੇ ਪ੍ਰਗਤੀ ਦੀ ਸਮੀਖਿਆ ਕੀਤੀ ਗਈ।
        ਇਸ ਦੌਰਾਨ ਦੱਸਿਆ ਗਿਆ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਬੇਰੋਜ਼ਗਾਰ ਉਮੀਦਵਾਰਾਂ ਨੂੰ ਵੱਖ-ਵੱਖ ਵਿਭਾਗਾਂ ਦੀਆਂ ਯੋਜਨਾਵਾਂ ਦੀ ਜਾਣਕਾਰੀ ਦੇ ਰਿਹਾ ਹੈ ਜਿਸ ਤਹਿਤ ਵੱਖ-ਵੱਖ ਵਿਭਾਗ ਆਪਣੇ ਕਰਮਚਾਰੀਆਂ ਨੂੰ ਡੀ.ਬੀ.ਈ.ਈ ਵਿਚ ਰੋਸਟਰ ਮੁਤਾਬਿਕ ਭੇਜਦੇ ਹਨ। ਡਿਪਟੀ ਕਮਿਸ਼ਨਰ ਨੇ ਨੌਜਵਾਨਾਂ ਲਈ ਵੱਖ-ਵੱਖ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦੇਣ ਲਈ ਰੋਜ਼ਗਾਰ ਵਿਭਾਗ ਦੀਆਂ ਸਕੀਮਾਂ ਬਾਰੇ ਵੱਧ ਤੋਂ ਵੱਧ ਪ੍ਰਚਾਰ-ਪ੍ਰਸਾਰ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਸਵੈ-ਰੋਜ਼ਗਾਰ ਸਬੰਧੀ ਕੈਰੀਅਰ ਕਾਨਫਰੰਸ ਕਰਵਾਉਣ ਦਾ ਫੈਸਲਾ ਲਿਆ ਗਿਆ।ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਦਿਸ਼ਾ ਪ੍ਰੋਜੈਕਟ ਤਹਿਤ ਮੀਟਿੰਗ ਕਰਵਾਉਣ ਲਈ ਵੀ ਕਿਹਾ ਗਿਆ ਜਿਸ ਬਾਰੇ ਯੂਨੀਵਰਸਿਟੀ ਦੇ ਅਧਿਕਾਰੀ ਵਰੁਣ ਨਈਅਰ ਨੇ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਦਫ਼ਤਰ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਣ ਲਈ ਸਕੂਲ ਬੋਰਡਾਂ ’ਤੇ ਜਾਣਕਾਰੀ ਦੇਣ ਲਈ ਵੀ ਆਖਿਆ।ਇਸ ਤੋਂ ਇਲਾਵਾ ਪੰਚਾਇਤ ਵਿਭਾਗ ਰਾਹੀਂ ਵੀ ਡੀ.ਬੀ.ਈ.ਈ ਦੀਆਂ ਸਕੀਮਾਂ ਦੀ ਜਾਣਕਾਰੀ ਹੇਠਲੇ ਪੱਧਰ ਤੱਕ ਪੁੱਜਦੀ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਾਂਝੇ ਯਤਨਾਂ ਸਦਕਾ ਬੇਰੋਜ਼ਗਾਰ  ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਸੁਰੱਖਿਅਤ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਪ੍ਰਤੀ ਵੀ ਉਤਸ਼ਾਹਿਤ ਕੀਤਾ ਜਾ ਸਕਦਾ ਹੈ।

Comments