ਡਾ. ਅਜੇ ਬੱਗਾ ‘ਲਾਈਫ ਟਾਈਮ ਅਚੀਵਮੈਂਟ’ ਅਵਾਰਡ ਨਾਲ ਹੋਣਗੇ ਸਨਮਾਨਿਤ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 

 ਪੰਜਾਬ ਸਟੇਟ ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਡਾ.ਅਜੇ ਬੱਗਾ ਸੈਂਚੂਰੀਅਨ ਬਲੱਡ ਡੋਨਰ ਨੂੰ “ਲਾਈਫ ਟਾਈਮ ਅਚੀਵਮੈਂਟ” ਅਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਅਵਾਰਡ ਸਵੈ-ਇਛੁੱਕ ਖੂਨਦਾਨ, ਟਰਾਂਸਫਿਊਜਨ ਸੇਵਾਵਾਂ ਅਤੇ ਜਨਹਿੱਤ ਵਿੱਚ ਡਾ. ਬੱਗਾ ਦੇ ਲੰਬੇ ਸਮੇਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ। ਜ਼ਿਕਰਯੋਗ ਹੈ ਕਿ ਡਾ. ਬੱਗਾ ਖੂਨਦਾਨ ਨੂੰ ਆਪਸੀ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ ਨੂੰ ਮਜਬੂਤ ਕਰਨ ਦੇ ਸਾਧਨ ਵਜੋਂ ਪ੍ਰਚਾਰ ਰਹੇ ਹਨ। ਲਾਈਫ ਟਾਈਮ ਅਚੀਵਮੈਂਟ ਅਵਾਰਡ ਡਾ.ਬੱਗਾ ਨੂੰ 5 ਅਕਤੂਬਰ ਨੂੰ ਨੈਸ਼ਨਲ ਵਲੰਟਰੀ ਬਲੱਡ ਡੋਨੇਸ਼ਨ ਦਿਹਾੜੇ ਤੇ ਰਾਜ ਪੱਧਰੀ ਸਮਾਗਮ ਵਿੱਚ ਪੰਜਾਬ ਮਿਉਂਸੀਪਲ ਭਵਨ, ਚੰਡੀਗੜ੍ਹ ਵਿਖੇ ਪ੍ਰਦਾਨ ਕੀਤਾ ਜਾਵੇਗਾ। ਬਲੱਡ ਟਰਾਂਸਫਿਊਜਨ ਕੌਂਸਲ ਵਲੋਂ ਇਸ ਅਵਾਰਡ ਨਾਲ ਨਵਾਜੇ ਜਾਣ ਵਾਰੇ ਡਾ. ਬੱਗਾ ਨੇ ਕੌਂਸਲ, ਸਾਰੇ ਖੂਨਦਾਨੀਆਂ ਅਤੇ ਇਸ ਸੇਵਾ ਦੀ ਯਾਤਰਾ ਵਿੱਚ ਸਾਥ ਦੇਣ ਵਾਲੇ ਹਰ ਵਿਅਕਤੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਡਾ. ਬੱਗਾ ਦਾ ਕਹਿਣਾ ਹੈ ਕਿ ਖੂਨਦਾਨ ਕਰਨ ਨਾਲ ਮਨ ਨੂੰ ਸ਼ਾਂਤੀ, ਸਬਰ ਅਤੇ ਸੰਤੋਖ ਮਿਲਦਾ ਹੈ ਕਿਉਂਕਿ ਦਾਨ ਕੀਤਾ ਖੂਨ ਹਸਪਤਾਲਾਂ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿੱਚ ਮਦਦ ਕਰਦਾ ਹੈ। ਹਰ 18 ਤੋਂ 65 ਸਾਲ ਦੇ ਤੰਦਰੁਸਤ ਵਿਅਕਤੀ ਨੂੰ ਚਾਹੀਦਾ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਂਦੇ ਹੋਏ ਹਰ 03 ਮਹੀਨੇ ਬਾਅਦ ਖੂਨਦਾਨ ਸੇਵਾ ਜਰੂਰ ਕਰੇ।

Comments