ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਵਿਖੇ ਫੋਰਟਿਸ ਦੇ ਪ੍ਰਸਿੱਧ ਨਿਊਰੋਲੋਜਿਸਟ ਡਾ. ਨਿਸ਼ਿਤ ਸਾਵਲ ਦਾ ਵਿਸ਼ੇਸ਼ ਗੈਸਟ ਲੈਕਚਰ ਆਯੋਜਿਤ*
ਹੁਸ਼ਿਆਰਪੁਰ/ਦਲਜੀਤ ਅਜਨੋਹਾ ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਸਕੂਲ ਆਫ਼ ਅਲਾਈਡ ਐਂਡ ਹੈਲਥਕੇਅਰ ਸਾਇੰਸਿਜ਼ ਵੱਲੋਂ ਬੈਚਲਰ ਇਨ ਸਾਈਕੋਲੋਜੀ ਦੇ ਵਿਦਿਆਰਥੀਆਂ ਲਈ "ਨਿਊਰੋਮੋਡੂਲੇਸ਼ਨ ਅਤੇ ਨਿਊਰੋਲੋਜੀ ਵਿੱਚ ਨਵੀਆਂ ਕਾਢਾਂ" ਵਿਸ਼ੇ 'ਤੇ ਇੱਕ ਰੋਜ਼ਾ ਵਿਸ਼ੇਸ਼ ਗੈਸਟ ਲੈਕਚਰ ਕਰਵਾਇਆ ਗਿਆ। ਇਹ ਅਕਾਦਮਿਕ ਪ੍ਰੋਗਰਾਮ ਵਿਭਾਗ ਮੁਖੀ ਡਾ. ਸੁਖਮੀਤ ਕੌਰ ਬੇਦੀ ਦੀ ਅਗਵਾਈ ਅਤੇ ਕੋਆਰਡੀਨੇਟਰ ਡਾ. ਕ੍ਰਿਤੀ ਸ਼ਰਮਾ ਦੀ ਦੇਖ-ਰੇਖ ਹੇਠ ਨੇਪਰੇ ਚੜ੍ਹਿਆ, ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨਿਊਰੋ-ਸਾਇੰਸ ਦੇ ਖੇਤਰ ਵਿੱਚ ਹੋ ਰਹੀਆਂ ਆਧੁਨਿਕ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਸੀ।
ਇਸ ਸਮਾਗਮ ਦੇ ਮੁੱਖ ਬੁਲਾਰੇ ਉੱਤਰੀ ਭਾਰਤ ਵਿੱਚ ਨਿਊਰੋਮੋਡੂਲੇਸ਼ਨ ਦੇ ਮੋਢੀ ਅਤੇ ਫੋਰਟਿਸ ਹਸਪਤਾਲ ਦੇ ਪ੍ਰਸਿੱਧ ਨਿਊਰੋਲੋਜਿਸਟ ਡਾ. ਨਿਸ਼ਿਤ ਸਾਵਲ (ਡੀ.ਐਮ. ਨਿਊਰੋਲੋਜੀ, ਏਮਜ਼) ਰਹੇ। ਡਾ. ਸਾਵਲ ਨੇ ਵਿਦਿਆਰਥੀਆਂ ਨਾਲ ਆਪਣੇ ਕਲੀਨਿਕਲ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਾਲ 2018 ਵਿੱਚ ਉੱਤਰੀ ਭਾਰਤ ਵਿੱਚ ਪਾਰਕਿੰਸਨ ਰੋਗ ਲਈ ਪਹਿਲਾ ਡੀਪ ਬ੍ਰੇਨ ਸਟੀਮੂਲੇਸ਼ਨ (DBS) ਪ੍ਰੋਗਰਾਮ ਅਤੇ 2019 ਵਿੱਚ ਗੰਭੀਰ ਮਿਰਗੀ ਲਈ ਵੇਗਸ ਨਰਵ ਸਟੀਮੂਲੇਸ਼ਨ (VNS) ਪ੍ਰੋਗਰਾਮ ਸਫਲਤਾਪੂਰਵਕ ਸ਼ੁਰੂ ਕੀਤਾ। ਉਨ੍ਹਾਂ ਨੇ ਪਾਰਕਿੰਸਨ ਦੇ ਇਲਾਜ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਆਪਣੀ ਫੋਟੋਬਾਇਓਮੋਡੂਲੇਸ਼ਨ ਯੂਨਿਟ, ਐਟੀਪੀਕਲ ਪਾਰਕਿੰਸਨ ਲਈ ਦੋ ਪੇਟੈਂਟ ਉਪਕਰਨਾਂ ਅਤੇ ਪੁਰਾਣੇ ਦਰਦ ਤੇ ਚਿੰਤਾ (ਐਂਗਜ਼ਾਇਟੀ) ਦੇ ਇਲਾਜ ਵਿੱਚ ਸੀ.ਬੀ.ਡੀ. ਤੇਲ ਦੀ ਵਰਤੋਂ ਬਾਰੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ।
ਇਸ ਮੌਕੇ ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਡਾ. ਚੰਦਰ ਮੋਹਨ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੋਵਿਗਿਆਨ ਦੇ ਵਿਦਿਆਰਥੀਆਂ ਲਈ ਨਿਊਰੋ-ਥੈਰੇਪੀਆਂ ਦੀ ਡੂੰਘੀ ਸਮਝ ਹੋਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਡਾ. ਨਿਸ਼ਿਤ ਸਾਵਲ ਵਰਗੀਆਂ ਸਿਰਕੱਢ ਸ਼ਖ਼ਸੀਅਤਾਂ ਨਾਲ ਸਿੱਧਾ ਸੰਵਾਦ ਵਿਦਿਆਰਥੀਆਂ ਨੂੰ ਖੋਜ ਅਤੇ ਮੈਡੀਕਲ ਨਵੀਨਤਾਵਾਂ ਵੱਲ ਪ੍ਰੇਰਿਤ ਕਰਦਾ ਹੈ। ਲੈਕਚਰ ਦੌਰਾਨ ਵਿਦਿਆਰਥੀਆਂ ਨੇ ਸਵਾਲ-ਜਵਾਬ ਕਰਕੇ ਆਪਣੀਆਂ ਸ਼ੰਕਾਵਾਂ ਦੂਰ ਕੀਤੀਆਂ ਅਤੇ ਅੰਤ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਡਾ. ਸਾਵਲ ਦਾ ਧੰਨਵਾਦ ਪ੍ਰਗਟਾਇਆ।
Comments
Post a Comment