ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ ਅਤੇ ਅੱਖਾਂ ਦਾਨ ਜਾਗਰੂਕਤਾ ਕੈਂਪ ਦਾ ਆਯੋਜਨ*



ਹੁਸ਼ਿਆਰਪੁਰ/ਦਲਜੀਤ ਅਜਨੋਹਾ ਰਯਾਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ (ਹੁਸ਼ਿਆਰਪੁਰ) ਦੇ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵੱਲੋਂ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਦੇ ਸਹਿਯੋਗ ਨਾਲ ‘ਭਾਈ ਘਨੱਈਆ ਜੀ ਮਾਨਵ ਸੇਵਾ ਸੰਕਲਪ ਦਿਵਸ’ ਮਨਾਇਆ ਗਿਆ। ਇਸ ਮੌਕੇ ਆਈ ਡੋਨੇਸ਼ਨ ਐਸੋਸੀਏਸ਼ਨ (ਰਜਿ.), ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਾਂਝੇ ਉਪਰਾਲੇ ਨਾਲ ਇੱਕ ਵਿਸ਼ੇਸ਼ ਨੇਤਰ ਦਾਨ (ਅੱਖਾਂ ਦਾਨ) ਜਾਗਰੂਕਤਾ ਕੈਂਪ ਵੀ ਲਗਾਇਆ ਗਿਆ। ਇਹ ਪ੍ਰੋਗਰਾਮ ਰੈੱਡ ਰਿਬਨ ਕਲੱਬ ਅਤੇ ਐੱਨ.ਐੱਸ.ਐੱਸ. ਕੋਆਰਡੀਨੇਟਰ ਡਾ. ਜੋਤਸਨਾ ਦੀ ਅਗਵਾਈ ਹੇਠ ਕਰਵਾਇਆ ਗਿਆ।

ਪ੍ਰੋਗਰਾਮ ਦੌਰਾਨ ਆਈ ਡੋਨੇਸ਼ਨ ਐਸੋਸੀਏਸ਼ਨ ਦੇ ਸਰਪ੍ਰਸਤ ਸ. ਬਹਾਦਰ ਸਿੰਘ ਸੁਨੇਤ, ਜਨਰਲ ਸਕੱਤਰ ਸ. ਬਲਜੀਤ ਸਿੰਘ ਪਨੇਸਰ, ਵਿੱਤ ਸਕੱਤਰ ਸ. ਹਰਭਜਨ ਸਿੰਘ ਅਤੇ ਉਪ-ਪ੍ਰਧਾਨ ਸ. ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਏ ਹੋਏ ਮਹਿਮਾਨਾਂ ਦਾ ਸਵਾਗਤ ਆਈ.ਕਿਊ.ਏ.ਸੀ. (IQAC) ਦੀ ਡੀਨ ਡਾ. ਜਸਦੀਪ ਕੌਰ ਧਾਮੀ ਨੇ ਪੌਦੇ ਭੇਟ ਕਰਕੇ ਕੀਤਾ।

ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ. ਬਹਾਦਰ ਸਿੰਘ ਸੁਨੇਤ ਨੇ ਭਾਈ ਘਨੱਈਆ ਜੀ ਦੇ ਨਿਸ਼ਕਾਮ ਸੇਵਾ, ਮਾਨਵਤਾ ਅਤੇ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਕਰਨ ਦੇ ਜੀਵਨ ਫ਼ਲਸਫ਼ੇ 'ਤੇ ਰੌਸ਼ਨੀ ਪਾਈ। ਬੁਲਾਰਿਆਂ ਨੇ 'ਅੱਖਾਂ ਦਾਨ ਕਰੋ - ਦੁਨੀਆ ਦੋ ਵਾਰ ਦੇਖੋ' ਦੇ ਸੁਨੇਹੇ ਰਾਹੀਂ ਅੱਖਾਂ ਦੀ ਕੌਰਨੀਅਲ ਅੰਨ੍ਹੇਪਣ ਤੋਂ ਪੀੜਤ ਲੋਕਾਂ ਨੂੰ ਰੌਸ਼ਨੀ ਦੇਣ ਲਈ ਨੇਤਰ ਦਾਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਰਯਾਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਦੇ ਡਾਇਰੈਕਟਰ ਡਾ. ਮਨਿੰਦਰ ਪਾਲ ਸਿੰਘ ਅਤੇ ਫਾਰਮ ਡੀ. ਵਿਭਾਗ ਦੇ ਮੁਖੀ ਮਿਸ ਸਿਮਰਜੀਤ ਕੌਰ ਸਮੇਤ ਸਮੂਹ ਫੈਕਲਟੀ ਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਭਾਗ ਲਿਆ। ਕਈ ਵਿਦਿਆਰਥੀਆਂ ਨੇ ਆਪਣੇ ਵਿਚਾਰ ਅਤੇ ਭਾਸ਼ਣ ਵੀ ਪੇਸ਼ ਕੀਤੇ। ਸਮਾਗਮ ਦੇ ਅੰਤ ਵਿੱਚ ਡਾ. ਜੋਤਸਨਾ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ।

Comments