ਵਿੱਦਿਆ ਮੰਦਿਰ ਸਕੂਲ ਦੀਆਂ ਵਾਲੀਬਾਲ ਖਿਡਾਰਨਾਂ ਨੇ ਜ਼ਿਲ੍ਹਾ ਪੱਧਰ ’ਤੇ ਮਾਰੀਆਂ ਮੱਲਾਂ| ਅੰਡਰ-21 ਅਤੇ ਅੰਡਰ-14 ਵਿੱਚ ਜਿੱਤੇ ਸੋਨ ਤਮਗੇ, ਅੰਡਰ-17 ਵਿੱਚ ਹਾਸਲ ਕੀਤਾ ਦੂਜਾ ਸਥਾਨ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ਵਿਖੇ 1 ਅਕਤੂਬਰ 2026 ਤੋਂ 3 ਅਕਤੂਬਰ 2026 ਤੱਕ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੀਆਂ ਵਾਲੀਬਾਲ ਖਿਡਾਰਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਦੀਆਂ ਵਾਲੀਬਾਲ ਟੀਮਾਂ ਨੇ ਅੰਡਰ-21 ਅਤੇ ਅੰਡਰ-14 ਵਰਗ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ, ਜਦਕਿ ਅੰਡਰ-17 ਵਰਗ ਦੀਆਂ ਖਿਡਾਰਨਾਂ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕੀਤਾ।
ਇਨ੍ਹਾਂ ਮੁਕਾਬਲਿਆਂ ਦੌਰਾਨ ਟੀਮ ਦੀ ਕਪਤਾਨ ਮੀਨਾਕਸ਼ੀ ਸਮੇਤ ਲਵਪ੍ਰੀਤ ਅਤੇ ਯਕਸ਼ਿਤਾ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਪ੍ਰਿੰਸੀਪਲ ਸ਼ੋਭਾ ਰਾਣੀ, ਅਤੇ ਮਨੀਸ਼ਾ ਜੋਸ਼ੀ ਤੇ ਮੋਨਿਕਾ ਨੇ ਖਿਡਾਰਨਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਕੋਚ ਮਲਕੀਅਤ ਕੁਮਾਰ, ਆਰ. ਸੀ. ਮਹਿਤਾ ਅਤੇ ਗੁਰਪ੍ਰੀਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਅਸ਼ੀਰਵਾਦ ਦਿੱਤਾ। ਉਨ੍ਹਾਂ ਨੇ ਖਿਡਾਰਨਾਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਅਤੇ ਲਗਨ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸਕੂਲ ਦੀਆਂ 22 ਖਿਡਾਰਨਾਂ ਸੂਬਾ ਪੱਧਰ ’ਤੇ ਹੋਣ ਵਾਲੇ ਟੂਰਨਾਮੈਂਟ ਵਿੱਚ ਭਾਗ ਲੈਣਗੀਆਂ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਪਿੱਛੇ ਸ. ਹਰਜੀਤ ਸਿੰਘ ਗਿੱਲ (NRI) ਅਤੇ ਸ. ਕੁਲਦੀਪ ਸਿੰਘ (NRI, Retd. DSO) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਉਨ੍ਹਾਂ ਵੱਲੋਂ ਖਿਡਾਰਨਾਂ ਨੂੰ ਆਰਥਿਕ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਖਿਡਾਰਨਾਂ ਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ।
ਇਸ ਤੋਂ ਇਲਾਵਾ ਸ. ਚੰਚਲ ਸਿੰਘ, ਰਿਟਾਇਰਡ ਕਮਾਂਡੈਂਟ, BSF, ਅਤੇ ਅੰਤਰਰਾਸ਼ਟਰੀ ਖਿਡਾਰੀ ਅਤੇ ਏਅਰਫੋਰਸ ਦੇ ਰਿਟਾਇਰਡ ਕੋਚ ਅਸ਼ਵਨੀ ਸ਼ਰਮਾ ਦਾ ਵੀ ਇਨ੍ਹਾਂ ਪ੍ਰਾਪਤੀਆਂ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿੱਚ ਵੀ ਉੱਚ ਪੱਧਰ ’ਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸਕੂਲ ਦੀਆਂ ਖਿਡਾਰਨਾਂ ਆਉਣ ਵਾਲੇ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨਗੀਆਂ। ਪੰਜਾਬ ਸਕੂਲ ਰਾਜ ਪੱਧਰੀ ਖੇਡਾਂ ਵਿਚ ਵੀ ਇਸ ਸਕੂਲ ਦੀ ਵਾਲੀਬਾਲ ਦੀਆਂ 24 ਖਿਡਾਰਨਾਂ ਭਾਗ ਲੈਣਗੀਆਂ, ਜੋ ਸਕੂਲ ਲਈ ਮਾਣ ਵਾਲੀ ਗੱਲ ਹੈ।

Comments