ਹੁਸ਼ਿਆਰਪੁਰ/ਦਲਜੀਤ ਅਜਨੋਹਾ
: ਭਾਰਤ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ-ਕਮ- ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਅੱਜ ਜ਼ਿਲ੍ਹਾ ਪੱਧਰ ’ਤੇ ਬਣਾਏ ਗਏ ਈ.ਵੀ.ਐਮ ਵੇਅਰਹਾਊਸ ਦੀ ਸਤੰਬਰ- 2026 ਦੀ ਤਿਮਾਹੀ ਪੜਤਾਲ ਕਰਦਿਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿਚ ਵੇਅਰਹਾਊਸ ਨੂੰ ਖੋਲ੍ਹ ਕੇ ਅੰਦਰੂਨੀ ਨਿਰੀਖਣ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਬੰਧਤ ਅਧਿਕਾਰੀਆਂ ਅਤੇ ਨੁਮਾਇੰਦਿਆਂ ਸਮੇਤ ਪੜਤਾਲ ਪ੍ਰਕਿਰਿਆ ਤਹਿਤ ਵੇਅਰਹਾਊਸ ਨੂੰ ਖੋਲ੍ਹ ਕੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਸਥਿਤੀ, ਸੁਰੱਖਿਆ ਪ੍ਰਬੰਧ, ਸੀਲਿੰਗ ਵਿਵਸਥਾ ਅਤੇ ਸੀ.ਸੀ.ਟੀ.ਵੀ ਨਿਗਰਾਨੀ ਵਿਵਸਥਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਮੁਕੰਮਲ ਰਿਕਾਰਡ, ਲਾਗ ਬੁੱਕ ਅਤੇ ਐਂਟਰੀ ਰਜਿਸਟਰਾਂ ਦੀ ਵੀ ਸਮੀਖਿਆ ਕੀਤੀ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਕਿਹਾ ਕਿ ਈ.ਵੀ.ਐਮ ਵੇਅਰਹਾਊਸ ਦੀ ਤਿਮਾਹੀ ਪੜਤਾਲ ਇਕ ਨਿਯਮਿਤ ਅਤੇ ਜ਼ਰੂਰੀ ਪ੍ਰਕਿਰਿਆ ਹੈ, ਜੋ ਹਰੇਕ ਜ਼ਿਲ੍ਹੇ ਵਿਚ ਸਮੇਂ-ਸਮੇਂ ਸਿਰ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਚੋਣ ਪ੍ਰਕਿਰਿਆ ਦੀ ਨਿਰਪੱਖਤਾ, ਸੁਰੱਖਿਆ ਅਤੇ ਪਾਰਦਰਸ਼ਤਾ ਬਣਾਏ ਰੱਖਣਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾਹ, ਜ਼ਿਲ੍ਹਾ ਮਾਲ ਅਫ਼ਸਰ ਅਮਨਦੀਪ ਸਿੰਘ ਚਾਵਲਾ, ਸਹਾਇਕ ਡਾਇਰੈਕਟਰ ਬਾਗਬਾਨੀ ਜਸਪਾਲ ਸਿੰਘ ਢੇਰੀ, ਚੋਣ ਤਹਿਸੀਲਦਾਰ ਰਮਨਦੀਪ ਕੌਰ, ਕਾਨੂੰਗੋ ਲਖਵੀਰ ਰਾਣਾ ਤੋਂ ਇਲਾਵਾ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਕਾਂਗਰਸ ਪਾਰਟੀ ਵਲੋਂ ਰਜਨੀਸ਼ ਟੰਡਨ, ਆਮ ਆਦਮੀ ਪਾਰਟੀ ਵਲੋਂ ਖੁਸ਼ੀ ਰਾਮ ਧੀਮਾਨ, ਸੀ.ਆਈ.ਐਮ. ਵਲੋਂ ਬਲਵਿੰਦਰ ਸਿੰਘ ਆਦਿ ਮੌਜੂਦ ਸਨ।
Comments
Post a Comment