ਡਾ. ਜਸਵੰਤ ਰਾਏ ਦੀ ਪੁਸਤਕ ‘ਬਾਬੂ ਮੰਗੂ ਰਾਮ ਮੁਗੋਵਾਲੀਆ' 'ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਿਸਟਰੀ ਵਿਭਾਗ ਨੇ ਕਰਵਾਈ ਗੋਸ਼ਟੀ:


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਯੂਨੀਵਰਸਿਟੀ ਦੇ ਹਿਸਟਰੀ ਵਿਭਾਗ ਨੇ ਡਾ. ਜਸਵੰਤ ਰਾਏ ਖੋਜ ਅਫ਼ਸਰ, ਭਾਸ਼ਾ ਵਿਭਾਗ ਪੰਜਾਬ ਦੀ ਆਦਿ ਧਰਮ ਲਹਿਰ ਦੇ ਸ਼ਤਾਬਦੀ ਵਰ੍ਹੇ 'ਤੇ ਆਈ ਨਵੀਂ ਪੁਸਤਕ ‘ਬਾਬੂ ਮੰਗੂ ਰਾਮ ਮੁਗੋਵਾਲੀਆ' 'ਤੇ ਗੋਸ਼ਟੀ ਸਮਾਗਮ ਕਰਵਾਇਆ ਜਿਸ ਦੀ ਪ੍ਰਧਾਨਗੀ ਚੇਅਰਮੈਨ ਹਿਸਟਰੀ ਵਿਭਾਗ ਡਾ. ਜਸਬੀਰ ਸਿੰਘ, ਪ੍ਰੋ. ਅਸ਼ੀਸ਼ ਕੁਮਾਰ, ਪ੍ਰੋ. ਸੰਤੋਸ਼ ਕੇ ਸਿੰਘ ਨੇ ਕੀਤੀ। ਜੀ ਆਇਆਂ ਸ਼ਬਦ ਆਖਦਿਆਂ ਡਾ. ਜਸਬੀਰ ਸਿੰਘ ਨੇ ਕਿਹਾ ਕਿ ਸਾਡਾ ਵਿਭਾਗ ਹਰ ਹਫ਼ਤੇ ਇੱਕ ਅਹਿਮ ਪੁਸਤਕ 'ਤੇ ਗੋਸ਼ਟੀ ਕਰਵਾਉਂਦਾ ਹੈ। ਇਸ ਵਾਰ ਆਦਿ ਧਰਮ ਲਹਿਰ ਦੇ ਸ਼ਤਾਬਦੀ ਵਰ੍ਹੇ 'ਤੇ ਡਾ. ਜਸਵੰਤ ਰਾਏ ਦੀ ਨਵੀਂ ਛਪ ਕੇ ਆਈ ਅਹਿਮ ਪੁਸਤਕ ਦਾ ਇਸ ਗੋਸ਼ਟੀ ਦਾ ਅੰਗ ਬਣਨਾ ਸਾਡੇ ਸਕਾਲਰਾਂ ਲਈ ਬੜਾ ਲਾਹੇਵੰਦ ਹੋਵੇਗਾ। ਡਾ. ਜਸਵੰਤ ਰਾਏ ਨੇ ਆਪਣਾ ਮੁਖ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਬਾਬੂ ਮੰਗੂ ਰਾਮ ਨੂੰ ਪੰਜਾਬ ਦਾ ਅੰਬੇਡਕਰ ਕਿਹਾ ਜਾਂਦਾ ਹੈ। ਇਨ੍ਹਾਂ ਦਾ ਦੇਸ਼ ਦੀ ਅਜ਼ਾਦੀ ਲਈ ਜੂਝਣ ਵਾਲੀ ਗ਼ਦਰ ਪਾਰਟੀ ਅਤੇ ਹਾਸ਼ੀਆਗਤ ਲੋਕਾਂ ਲਈ ਸਮਾਜਿਕ ਕ੍ਰਾਂਤੀ ਦੀ ਜੰਗ ਲੜਨ ਵਾਲੀ ਜੱਥੇਬੰਦੀ ਆਦਿ ਧਰਮ ਲਹਿਰ ਵਿੱਚ ਉੱਘਾ ਸਥਾਨ ਹੈ। ਪੰਜਾਬ ਦੇ ਅਛੂਤਾਂ ਨੂੰ ਆਦਿਧਰਮੀ ਨਾਂ ਦੇਣ ਦੇ ਨਾਲ਼ ਨਾਲ਼ ਉਨ੍ਹਾਂ ਲਈ ਵੱਖਰਾ ਧਰਮ, ਵੱਖਰਾ ਧਰਮ ਗ੍ਰੰਥ, ਵੱਖਰੇ ਗੁਰੂ, ਵੱਖਰਾ ਰੰਗ, ਵੱਖਰਾ ਸ਼ੁਭਕਾਮਨਾ ਸੰਦੇਸ਼ ਅਤੇ ਵੱਖਰੀ ਲਿਪੀ ਤਿਆਰ ਕਰਨਾ ਉਨ੍ਹਾਂ ਦੇ ਲਾਸਾਨੀ ਕੰਮ ਹਨ। 1928-1951 ਈਸਵੀ ਵਿੱਚ ਉਨ੍ਹਾਂ ਨੇ 'ਆਦੀ ਡੰਕਾ' ਨਾਂ ਦਾ ਅਖ਼ਬਾਰ ਕੱਢਿਆ ਜਿਹੜਾ ਉਰਦੂ ਅਤੇ ਗੁਰਮੁਖੀ ਭਾਸ਼ਾ ਵਿੱਚ ਛਪਦਾ ਸੀ। 1931 ਈਸਵੀ ਦੀ ਜਨਗਣਨਾ ਵਿੱਚ ਉਨ੍ਹਾਂ ਦੇ ਇੱਕ ਵਾਰ ਕਹਿਣ 'ਤੇ ਪੰਜ ਲੱਖ ਦੇ ਕਰੀਬ ਲੋਕਾਂ ਨੇ ਆਪਣੇ ਆਪ ਨੂੰ ਆਦਿ ਧਰਮੀ ਨਾਂ ਹੇਠ ਦਰਜ ਕਰਵਾਇਆ। ਦਲਿਤ ਲੋਕਾਂ ਲਈ ਸਕੂਲਾਂ ਵਿੱਚ ਦਾਖ਼ਲੇ, ਵਜੀਫੇ, ਨੌਕਰੀਆਂ, ਮਾਣ ਸਨਮਾਨ ਸਥਾਪਿਤ ਕਰਨ ਵਿੱਚ ਉਨ੍ਹਾਂ ਕੋਈ ਕਸਰ ਬਾਕੀ ਨਾ ਛੱਡੀ। ਉਨ੍ਹਾਂ ਦੇ ਕੀਤੇ ਸੰਘਰਸ਼ ਬਦੌਲਤ ਪੰਜਾਬ ਦਾ ਦਲਿਤ ਵਰਗ ਭਾਰਤ ਦੇ ਦੂਜੇ ਸੂਬਿਆਂ ਦੀ ਨਿਸਬਤਨ ਚੰਗੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਪ੍ਰੋ. ਅਸ਼ੀਸ਼ ਕੁਮਾਰ ਨੇ ਭਾਰਤ ਦੀਆਂ ਆਦਿ ਲਹਿਰਾਂ ਦੇ ਇਤਿਹਾਸ ਵਿੱਚ ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ ਜੀ ਦੇ ਜੀਵਨ ਸੰਘਰਸ਼ ਨੂੰ ਇੱਕ ਮਾਣਮੱਤੀ ਪ੍ਰਾਪਤੀ ਕਿਹਾ। ਮੁਖ ਭਾਸ਼ਣ ਉਪਰੰਤ ਹਾਜ਼ਰ ਖੋਜਾਰਥੀਆਂ ਵੱਲੋਂ ਕੀਤੇ ਸਵਾਲਾਂ ਦੇ ਡਾ. ਜਸਵੰਤ ਰਾਏ ਨੇ ਸੰਖੇਪ, ਢੁਕਵੇਂ ਅਤੇ ਪ੍ਰਸੰਗਿਕ ਜਵਾਬ ਦਿੱਤੇ। ਵਿਭਾਗ ਵੱਲੋਂ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਡਾ. ਸੋਨਾ ਸਿੰਘ ਸਹਾਇਕ ਪ੍ਰੋਫੈਸਰ ਹਿਸਟਰੀ ਵਿਭਾਗ ਨੇ ਬਾਖ਼ੂਬੀ ਨਿਭਾਈ। ਇਸ ਸਮੇਂ ਹੁਸ਼ਿਆਰਪੁਰ ਤੋਂ ਸ਼ਾਇਰ ਜਸਬੀਰ ਸਿੰਘ ਧੀਮਾਨ, ਨਵੇਂ ਚੁਣੇ ਗਏ ਸੈਨੇਟਰ ਡਾ. ਕੁਲਵਿੰਦਰ ਸਿੰਘ, ਸਕਾਲਰ ਰੱਜਤ ਕੁਮਾਰ, ਅਵਲਨੂਰ ਸਿੰਘ, ਬਲਦੇਵ ਰਾਏ, ਜਸਵਿੰਦਰ ਸਿੰਘ, ਸਮਾਜਿਕ ਕਾਰਕੁੰਨ ਰਾਜੇਸ਼ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Comments