9 ਅਕਤੂਬਰ ਦੀ ਆਦਮਪੁਰ ਬਸਪਾ ਸਰਕਾਰ ਬਣਾਓ ਰੈਲੀ ਪੰਜਾਬ ਦੀ ਸਿਆਸਤ ਵਿੱਚ ਨਵਾਂ ਇਤਿਹਾਸ ਸਿਰਜੇਗੀ: ਡਾ. ਕਰੀਮਪੁਰੀ


 ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ, ਸਾਬਕਾ ਰਾਜ ਸਭਾ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਭੂੰਗਾ ਵਿਖੇ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਅਹਿਮ ਮੀਟਿੰਗ ਦੌਰਾਨ 9 ਅਕਤੂਬਰ ਨੂੰ ਬਹੁਜਨ ਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਪ੍ਰੀ-ਨਿਰਵਾਣ ਦਿਵਸ ਮੌਕੇ ਆਦਮਪੁਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਬਸਪਾ ਸਰਕਾਰ ਬਣਾਓ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ।
            ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ 9 ਅਕਤੂਬਰ ਨੂੰ ਆਦਮਪੁਰ ਦੀ ਧਰਤੀ 'ਤੇ ਹੋਣ ਵਾਲੀ ਬਸਪਾ ਰੈਲੀ ਇਤਿਹਾਸਿਕ ਹੋਵੇਗੀ, ਜੋ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਉਨ੍ਹਾਂ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਜੀ ਨੇ ਸ਼ੋਸ਼ਿਤ, ਵਾਂਝੇ ਅਤੇ ਗਰੀਬ ਵਰਗਾਂ ਨੂੰ ਰਾਜਸੱਤਾ ਦਾ ਮਾਲਕ ਬਣਾਉਣ ਲਈ ਆਪਣਾ ਪੂਰਾ ਜੀਵਨ ਲੇਖੇ ਲਾ ਦਿੱਤਾ। ਉਨ੍ਹਾਂ ਦੇ ਵਿਚਾਰਾਂ ਅਤੇ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਬਹੁਜਨ ਸਮਾਜ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਵਚਨਬੱਧ ਹੈ।
ਡਾ. ਕਰੀਮਪੁਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ, ਆਰਥਿਕ ਮੰਦਹਾਲੀ ਅਤੇ ਲਗਾਤਾਰ ਵਿਗੜ ਰਹੀ ਕਾਨੂੰਨ-ਵਿਵਸਥਾ ਤੋਂ ਅੱਕ ਚੁੱਕੇ ਹਨ। ਅੱਜ ਸੂਬੇ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਅਜਿਹੇ ਸਮੇਂ ਵਿੱਚ ਬਹੁਜਨ ਸਮਾਜ ਪਾਰਟੀ ਹੀ ਲੋਕਾਂ ਲਈ ਇੱਕੋ-ਇੱਕ ਭਰੋਸੇਯੋਗ ਵਿਕਲਪ ਹੈ।
ਉਨ੍ਹਾਂ ਭੂੰਗਾ ਮੀਟਿੰਗ ਦੌਰਾਨ ਬਸਪਾ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਅਕਤੂਬਰ ਨੂੰ ਵੱਡੀ ਤੋਂ ਵੱਡੀ ਗਿਣਤੀ ਵਿੱਚ ਆਦਮਪੁਰ ਪਹੁੰਚ ਕੇ ਸ੍ਰੀ ਕਾਂਸ਼ੀ ਰਾਮ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਇਸ ਰੈਲੀ ਨੂੰ ਸਫਲ ਬਣਾ ਕੇ ਵਿਰੋਧੀ ਧਿਰਾਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣ।
ਇਸ ਮੌਕੇ ਮਨਿੰਦਰ ਸ਼ੇਰਪੁਰੀ ਸਕੱਤਰ ਪੰਜਾਬ, ਦਲਜੀਤ ਰਾਏ ਜਿਲਾ ਪ੍ਰਧਾਨ, ਨਿਸ਼ਾਨ ਚੌਧਰੀ, ਸੁਰਜੀਤ ਲਾਲ ਪਾਲ, ਡਾ. ਜਸ਼ਪਾਲ ਸਿੰਘ,ਵਰਿੰਦਰ ਵਿੱਕੀ, ਸੰਦੀਪ ਪੰਡੋਰੀ ਸੁਮਲਾਂ,ਜੁਗਿੰਦਰ ਚੱਕ ਲਾਦੀਆਂ ਅਤੇ ਪਾਰਟੀ ਦੇ ਸੀਨੀਅਰ ਆਗੂ, ਜ਼ਿਲ੍ਹਾ ਤੇ ਹਲਕਾ ਪੱਧਰ ਦੇ ਬਸਪਾ ਸਮਰਥਕ ਹਾਜ਼ਰ ਸਨ।

Comments