ਡੀਸੀ ਦੇ ਹੁਕਮਾਂ ਦੇ ਬਾਵਜੂਦ ਦਿਨ ਵੇਲੇ ਸੜਕਾਂ ’ਤੇ ਦੌੜ ਰਹੇ ਟਿੱਪਰ, 5 ਅਕਤੂਬਰ ਨੂੰ ਝੁੰਗੀਆਂ ਤੋਂ ਗੜ੍ਹਸ਼ੰਕਰ ਤੱਕ 16 ਕਿਲੋਮੀਟਰ ਪੈਦਲ ਰੋਸ ਮਾਰਚ25 ਸਤੰਬਰ ਨੂੰ ਵਿਸ਼ਵਕਰਮਾ ਮੰਦਰ ਵਿਖੇ ਤਿਆਰੀ ਮੀਟਿੰਗ; ਸ਼ਹਿਰ ਵਿੱਚ ਧਰਨਾ ਦੇਣ ਦਾ ਵੀ ਐਲਾਨ



ਹੁਸ਼ਿਆਰਪੁਰ/ਦਲਜੀਤ ਅਜਨੋਹਾ 

 ਗੜ੍ਹਸ਼ੰਕਰ ਦੇ ਬੀਤ ਇਲਾਕੇ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਦੇ ਬਾਵਜੂਦ ਦਿਨ ਵੇਲੇ ਸੜਕਾਂ ’ਤੇ ਟਿੱਪਰ ਚੱਲਣ ਦੇ ਵਿਰੋਧ ਵਿੱਚ 5 ਅਕਤੂਬਰ ਨੂੰ ਅੱਡਾ ਝੁੰਗੀਆਂ ਤੋਂ ਗੜ੍ਹਸ਼ੰਕਰ ਤੱਕ 16 ਕਿਲੋਮੀਟਰ ਪੈਦਲ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਅੱਡਾ ਝੁੰਗੀਆਂ ਵਿਖੇ ਇਲਾਕਾ ਵਾਸੀਆਂ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ। ਰੋਸ ਮਾਰਚ ‘ਵਾਤਾਵਰਨ ਬਚਾਓ, ਲੋਕ ਬਚਾਓ ਸੰਘਰਸ਼ ਕਮੇਟੀ’ ਦੇ ਬੈਨਰ ਹੇਠ ਕੱਢਿਆ ਜਾਵੇਗਾ ਅਤੇ ਗੜ੍ਹਸ਼ੰਕਰ ਸ਼ਹਿਰ ਵਿੱਚ ਧਰਨਾ ਦਿੱਤਾ ਜਾਵੇਗਾ।

ਮੀਟਿੰਗ ਦੌਰਾਨ ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਗੜ੍ਹਸ਼ੰਕਰ ਹਲਕੇ ਵਿੱਚ ਹੁਣ ਤੱਕ 28 ਤੋਂ ਵੱਧ ਲੋਕ ਟਿੱਪਰਾਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਟਿੱਪਰਾਂ ਦੀ ਆਵਾਜਾਈ ਨੂੰ ਨਿਯਮਤ ਕਰਨ ਲਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਗੜ੍ਹਸ਼ੰਕਰ-ਨੰਗਲ ਰੋਡ ਅਤੇ ਮਾਹਿਲਪੁਰ-ਜੈਜੋਂ ਦੋਆਬਾ ਸੜਕ ’ਤੇ ਟਿੱਪਰਾਂ ਦੀ ਆਵਾਜਾਈ ’ਤੇ ਪਾਬੰਦੀ ਸਬੰਧੀ ਵਾਰ-ਵਾਰ ਹੁਕਮ ਜਾਰੀ ਕੀਤੇ ਜਾਂਦੇ ਹਨ, ਪਰ ਇਲਾਕੇ ਵਿੱਚ ਦਿਨ ਵੇਲੇ ਟਿੱਪਰ ਚੱਲਣ ਦਾ ਦੋਸ਼ ਹੈ।

ਬੁਲਾਰਿਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨਿਕ ਹੁਕਮਾਂ ਦੀ ਜ਼ਮੀਨੀ ਪੱਧਰ ’ਤੇ ਪਾਲਣਾ ਨਹੀਂ ਹੁੰਦੀ ਤਾਂ ਵਾਰ-ਵਾਰ ਹੁਕਮ ਜਾਰੀ ਕਰਨ ਦਾ ਕੋਈ ਲਾਭ ਨਹੀਂ। ਉਨ੍ਹਾਂ ਦੋਸ਼ ਲਗਾਇਆ ਕਿ ਬੀਤ ਇਲਾਕੇ ਦੀਆਂ ਵੱਖ-ਵੱਖ ਸੜਕਾਂ ’ਤੇ ਮਾਈਨਿੰਗ ਸਮੱਗਰੀ ਲੈ ਕੇ ਦਿਨ ਵੇਲੇ ਵੀ ਟਿੱਪਰ ਚੱਲ ਰਹੇ ਹਨ। ਕਦੇ-ਕਦਾਈਂ ਇੱਕ-ਦੋ ਟਿੱਪਰਾਂ ਦੇ ਚਲਾਨ ਕੱਟ ਕੇ ਕਾਰਵਾਈ ਕੀਤੀ ਜਾਂਦੀ ਹੈ, ਪਰ ਸਮੱਸਿਆ ਦਾ ਪੱਕਾ ਹੱਲ ਨਹੀਂ ਹੋ ਰਿਹਾ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਬੀਤ ਇਲਾਕੇ ਸਮੇਤ ਗੜ੍ਹਸ਼ੰਕਰ ਦੀਆਂ ਹੋਰ ਜਨਤਕ ਸਮੱਸਿਆਵਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਸਭ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ 5 ਅਕਤੂਬਰ ਨੂੰ ਅੱਡਾ ਝੁੰਗੀਆਂ ਤੋਂ ਗੜ੍ਹਸ਼ੰਕਰ ਤੱਕ ਪੈਦਲ ਰੋਸ ਮਾਰਚ ਕੀਤਾ ਜਾਵੇਗਾ। ਮਾਰਚ ਉਪਰੰਤ ਗੜ੍ਹਸ਼ੰਕਰ ਸ਼ਹਿਰ ਵਿੱਚ ਧਰਨਾ ਦੇਣ ਦਾ ਵੀ ਫੈਸਲਾ ਕੀਤਾ ਗਿਆ।

ਰੋਸ ਮਾਰਚ ਦੀਆਂ ਤਿਆਰੀਆਂ ਸਬੰਧੀ 25 ਸਤੰਬਰ ਨੂੰ ਸ੍ਰੀ ਵਿਸ਼ਵਕਰਮਾ ਮੰਦਰ, ਅੱਡਾ ਝੁੰਗੀਆਂ ਵਿਖੇ ਮੀਟਿੰਗ ਰੱਖੀ ਗਈ ਹੈ।

ਇਸ ਮੌਕੇ ਅਜਾਇਬ ਸਿੰਘ ਬੋਪਾਰਾਏ, ਗਰੀਬ ਦਾਸ ਬੀਟਨ, ਰਾਮਜੀ ਦਾਸ ਚੌਹਾਨ, ਮਾਸਟਰ ਪਵਨ ਸ਼ਰਮਾ, ਪੰਚਾਇਤ ਸਮਿਤੀ ਮੈਂਬਰ ਕਮਲ ਕਟਾਰੀਆ, ਸਾਬਕਾ ਸਰਪੰਚ ਸੁਭਾਸ਼ ਮਹਿੰਦਵਾਣੀ ਗੁੱਜਰਾਂ, ਜ਼ਿਲ੍ਹਾ ਕਾਂਗਰਸ ਦੇ ਉਪ ਪ੍ਰਧਾਨ ਬਿੰਦੂ ਭੂਬਲਾਂ, ਸਰਪੰਚ ਪਰਮਜੀਤ ਸਿੰਘ, ਤੀਰਥ ਸਿੰਘ ਮਾਨ, ਸਾਬਕਾ ਸਰਪੰਚ ਸੰਜੀਵ ਰਾਣਾ ਕੋਕੋਵਾਲ, ਦਲਜੀਤ ਸਿੰਘ ਬੈਂਸ, ਹਜ਼ੂਰਾ ਸਿੰਘ ਪੈਲੀ, ਸੁਰੇਸ਼ ਕੁਮਾਰ, ਕਮਲਜੀਤ ਸੋਢੀ, ਗੁਲਜਿੰਦਰ ਸਿੰਘ, ਰਾਜ ਕੁਮਾਰ ਮੀਲੂ, ਅਵਤਾਰ ਕਟਾਰੀਆ, ਕੈਪਟਨ ਬਖ਼ਸ਼ੀਸ਼ ਸਿੰਘ, ਧਰਮਿੰਦਰ ਕੋਕੀ ਭੂਬਲਾਂ, ਨੰਬਰਦਾਰ ਬੈਜ ਨਾਥ ਚੌਧਰੀ, ਰਮੇਸ਼ ਧੀਮਾਨ, ਕੁਲਭੂਸ਼ਣ ਕੁਮਾਰ ਸਾਬਕਾ ਸਰਪੰਚ, ਰਾਮ ਪਾਲ ਭਾਰਦਵਾਜ ਸਮੇਤ ਹੋਰ ਇਲਾਕਾ ਵਾਸੀ ਹਾਜ਼ਰ ਸਨ।

Comments