*ਰਾਯਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ 'ਗੌਰਵ ਸਨਮਾਨ ਸਮਾਰੋਹ 2026' ਦਾ ਆਯੋਜਨ; ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ ਸ਼੍ਰੀ ਕਵਿੰਦਰ ਗੁਪਤਾ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ*
ਹੁਸ਼ਿਆਰਪੁਰ/ਦਲਜੀਤ ਅਜਨੋਹਾ: ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ (ਆਰ.ਬੀ.ਪੀ.ਯੂ.), ਹੁਸ਼ਿਆਰਪੁਰ ਵੱਲੋਂ ਅਕਾਦਮਿਕ, ਖੇਡਾਂ, ਐਨ.ਸੀ.ਸੀ. ਅਤੇ ਸਹਿ-ਸਰਗਰਮੀਆਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਹਿੱਤ 'ਗੌਰਵ ਸਨਮਾਨ ਸਮਾਰੋਹ 2026' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਹਿਮਾਚਲ ਪ੍ਰਦੇਸ਼ ਦੇ ਮਾਣਯੋਗ ਰਾਜਪਾਲ ਸ਼੍ਰੀ ਕਵਿੰਦਰ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਾਬਕਾ ਸੰਸਦ ਮੈਂਬਰ (ਭਾਜਪਾ) ਸ਼੍ਰੀ ਅਵਿਨਾਸ਼ ਰਾਏ ਖੰਨਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਕੈਂਪਸ ਪਹੁੰਚਣ 'ਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਬੈਂਡ ਦੀਆਂ ਧੁਨਾਂ ਅਤੇ ਸਲਾਮੀ ਨਾਲ ਰਾਜਪਾਲ ਨੂੰ ਗਾਰਡ ਆਫ਼ ਆਨਰ ਭੇਟ ਕੀਤਾ ਗਿਆ।
ਸਮਾਰੋਹ ਦੌਰਾਨ ਖੇਡਾਂ, ਐਨ.ਸੀ.ਸੀ., ਲੇਖ ਮੁਕਾਬਲਿਆਂ ਅਤੇ ਪੜ੍ਹਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਣਯੋਗ ਰਾਜਪਾਲ ਸ਼੍ਰੀ ਕਵਿੰਦਰ ਗੁਪਤਾ ਨੇ ਕਿਹਾ, "ਅਨੁਸ਼ਾਸਨ, ਦ੍ਰਿੜ੍ਹਤਾ ਅਤੇ ਸਖ਼ਤ ਮਿਹਨਤ ਹੀ ਜੀਵਨ ਵਿੱਚ ਕਾਮਯਾਬੀ ਦਾ ਅਸਲ ਮਾਰਗ ਹਨ। ਵਿਦਿਆਰਥੀਆਂ ਵੱਲੋਂ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵਿਖਾਇਆ ਗਿਆ ਜਜ਼ਬਾ ਦੇਸ਼ ਦੇ ਉੱਜਵਲ ਭਵਿੱਖ ਦਾ ਪ੍ਰਤੀਕ ਹੈ।"
ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ, "ਸਾਡਾ ਮੁੱਖ ਟੀਚਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਉੱਚ ਦਰਜੇ ਦਾ ਮਾਹੌਲ ਅਤੇ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਤਾਂ ਜੋ ਸਾਡੇ ਨੌਜਵਾਨ ਹਰ ਖੇਤਰ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਸਕਣ।"
ਸਾਬਕਾ ਸੰਸਦ ਮੈਂਬਰ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜ਼ਿੰਮੇਵਾਰ ਸ਼ਹਿਰੀ ਬਣਨ ਦੀ ਪ੍ਰੇਰਨਾ ਦਿੱਤੀ। ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਇਸ ਦੌਰਾਨ ਸਮਾਜਿਕ ਜ਼ਿੰਮੇਵਾਰੀ ਤਹਿਤ ਯੂਨੀਵਰਸਿਟੀ ਵੱਲੋਂ ਨਸ਼ਿਆਂ ਵਿਰੁੱਧ ਇੱਕ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਲਈ ਸਹੁੰ ਚੁੱਕੀ। ਸਮਾਰੋਹ ਦੀ ਸਮਾਪਤੀ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਨ ਅਤੇ ਰਾਸ਼ਟਰੀ ਗਾਣ ਨਾਲ ਹੋਈ।
*
Comments
Post a Comment