SIT ਅੱਗੇ 3 ਸਤੰਬਰ ਨੂੰ ਪੇਸ਼ ਹੋਵਾਂਗਾ- ਵਿਜੇ ਸਾਂਪਲਾ - SIT ਵੱਲੋਂ ਹੁਣ ਤੱਕ ਮੈਨੂੰ ਕੋਈ ਦਸਤਾਵੇਜ਼ ਨਹੀਂ ਦਿੱਤਾ- ਸਾਂਪਲਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ
SIT ਵੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਚੇਅਰਮੈਨ, ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਵਿਜੈ ਸਾਂਪਲਾ ਨੂੰ ਮੁੜ 2 ਸਤੰਬਰ 2026 ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੂਚਿਤ ਕੀਤਾ ਗਿਆ ਹੈ। ਇਸ ਸਬੰਧੀ ਸਾਂਪਲਾ ਨੇ SIT ਨੂੰ ਪੱਤਰ ਲਿਖ ਕੇ 3 ਸਤੰਬਰ ਨੂੰ ਪੇਸ਼ ਹੋਣ ਲਈ ਸਮਾਂ ਦੇਣ ਦੀ ਬੇਨਤੀ ਕੀਤੀ ਹੈ।
ਸਾਂਪਲਾ ਨੇ ਕਿਹਾ ਕਿ 2 ਸਤੰਬਰ ਨੂੰ ਉਨ੍ਹਾਂ ਦੇ ਪਹਿਲਾਂ ਤੋਂ ਨਿਰਧਾਰਤ ਮਹੱਤਵਪੂਰਨ ਪ੍ਰੋਗਰਾਮ ਅਤੇ ਮੀਟਿੰਗਾਂ ਹਨ, ਜਿਨ੍ਹਾਂ ਕਾਰਨ ਉਹ ਉਸ ਦਿਨ ਹਾਜ਼ਰ ਹੋਣ ਵਿੱਚ ਅਸਮਰੱਥ ਹਨ। ਉਨ੍ਹਾਂ SIT ਨੂੰ ਭਰੋਸਾ ਦਿਵਾਇਆ ਕਿ ਉਹ 3 ਸਤੰਬਰ ਨੂੰ ਪੇਸ਼ ਹੋ ਕੇ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ।
ਸਾਂਪਲਾ ਨੇ SIT ਦੇ ਸਾਹਮਣੇ ਇੱਕ ਹੋਰ ਅਹਿਮ ਸਵਾਲ ਉਠਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ SIT ਵੱਲੋਂ ਅਜੇ ਤੱਕ ਉਨ੍ਹਾਂ ਨੂੰ ਕੋਈ ਵੀ ਸਬੰਧਤ ਦਸਤਾਵੇਜ਼ ਉਪਲਬਧ ਨਹੀਂ ਕਰਵਾਏ ਗਏ। ਉਨ੍ਹਾਂ ਕਿਹਾ, “ਜਦੋਂ ਮੈਨੂੰ ਇਹੀ ਨਹੀਂ ਪਤਾ ਕਿ SIT ਮੈਨੂੰ ਕਿਸ ਆਧਾਰ ’ਤੇ ਬੁਲਾ ਰਹੀ ਹੈ, ਤਾਂ ਮੈਂ ਕਿਸ ਆਧਾਰ ’ਤੇ ਆਪਣੀ ਟਿੱਪਣੀ ਜਾਂ ਬਿਆਨ ਦਰਜ ਕਰਵਾਵਾਂ?”
ਉਨ੍ਹਾਂ ਕਿਹਾ ਕਿ ਉਹ SIT ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਨ, ਪਰ ਜਾਂਚ ਨੂੰ ਸਹੀ ਦਿਸ਼ਾ ਵਿੱਚ ਲਿਜਾਣ ਲਈ SIT ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਣਾ ਜ਼ਰੂਰੀ ਹੈ। ਸਾਂਪਲਾ ਨੇ ਮੰਗ ਕੀਤੀ ਕਿ ਜਿਨ੍ਹਾਂ ਦਸਤਾਵੇਜ਼ਾਂ ਜਾਂ ਰਿਕਾਰਡ ਦੇ ਆਧਾਰ ’ਤੇ ਉਨ੍ਹਾਂ ਨੂੰ ਪੁੱਛਗਿੱਛ ਜਾਂ ਬਿਆਨ ਲਈ ਬੁਲਾਇਆ ਜਾ ਰਿਹਾ ਹੈ, ਉਹ ਸਾਰੇ ਸਬੰਧਤ ਦਸਤਾਵੇਜ਼ ਉਨ੍ਹਾਂ ਨੂੰ ਪਹਿਲਾਂ ਉਪਲਬਧ ਕਰਵਾਏ ਜਾਣ।
ਸਾਂਪਲਾ ਨੇ ਕਿਹਾ, “ਮੇਰਾ ਉਦੇਸ਼ ਜਾਂਚ ਤੋਂ ਬਚਣਾ ਨਹੀਂ, ਬਲਕਿ ਜਾਂਚ ਨੂੰ ਸਹੀ ਦਿਸ਼ਾ ਵਿੱਚ ਲਿਜਾਣਾ ਹੈ। ਮੈਂ SIT ਨੂੰ ਪੂਰਾ ਸਹਿਯੋਗ ਦੇਣ ਲਈ ਤਿਆਰ ਹਾਂ, ਪਰ SIT ਵੀ ਮੈਨੂੰ ਪੂਰਾ ਸਹਿਯੋਗ ਕਰੇ। ਜੇਕਰ ਲੋੜੀਂਦੇ ਦਸਤਾਵੇਜ਼ ਹੀ ਉਪਲਬਧ ਨਹੀਂ ਕਰਵਾਏ ਜਾਣਗੇ ਤਾਂ ਸਰਕਾਰ ਦਾ ਸਮਾਂ, SIT ਦਾ ਸਮਾਂ ਅਤੇ ਮੇਰਾ ਸਮਾਂ ਵਿਅਰਥ ਜਾਵੇਗਾ ਅਤੇ ਜਾਂਚ ਵਿੱਚੋਂ ਕੋਈ ਠੋਸ ਨਤੀਜਾ ਨਹੀਂ ਨਿਕਲੇਗਾ।”
ਉਨ੍ਹਾਂ ਅੱਗੇ ਕਿਹਾ ਕਿ ਸਹੀ ਤੱਥਾਂ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਹੀ ਕੋਈ ਸਹੀ ਟਿੱਪਣੀ ਜਾਂ ਬਿਆਨ ਦਿੱਤਾ ਜਾ ਸਕਦਾ ਹੈ। ਇਸ ਲਈ ਉਨ੍ਹਾਂ SIT ਨੂੰ ਅਪੀਲ ਕੀਤੀ ਕਿ ਜਾਂਚ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਉਨ੍ਹਾਂ ਨੂੰ ਪੂਰੇ ਅਤੇ ਸਬੰਧਤ ਦਸਤਾਵੇਜ਼ ਉਪਲਬਧ ਕਰਵਾਏ ਜਾਣ, ਤਾਂ ਜੋ ਉਹ ਵੀ ਮਾਮਲੇ ਦੇ ਤੱਥਾਂ ਦੇ ਆਧਾਰ ’ਤੇ ਆਪਣਾ ਪੂਰਾ ਸਹਿਯੋਗ ਦੇ ਸਕਣ।
Comments
Post a Comment