ਊਨਾ/ਦਲਜੀਤ ਅਜਨੋਹਾ
ਮਾਤਾ ਚਿੰਤਪੁਰਨੀ ਮੇਲੇ ਦੇ ਅੱਜ ਤੋਂ ਸ਼ੁਰੂ ਹੋਣ ਮੌਕੇ ਸੀਨੀਅਰ ਪੱਤਰਕਾਰ ਡਾ. ਦਲਜੀਤ ਸਿੰਘ ਅਜਨੋਹਾ ਨੇ ਊਨਾ ਦੇ ਐਸ.ਪੀ. ਸਚਿਨ ਹੀਰਾਮੱਠ IPS ਨਾਲ ਮੇਲੇ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਇਸ ਦੌਰਾਨ ਐਸ.ਪੀ. ਸਚਿਨ ਹੀਰਾਮਟ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਅਤ, ਸੁਚੱਜੀ ਅਤੇ ਨਿਰਵਿਘਨ ਯਾਤਰਾ ਨੂੰ ਯਕੀਨੀ ਬਣਾਉਣ ਲਈ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵਿਸਥਾਰਪੂਰਵਕ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਤੁਰੰਤ ਨਜਿੱਠਣ ਲਈ ਮੰਦਰ ਕੰਪਲੈਕਸ ਦੇ ਅੰਦਰ ਅਤੇ ਬਾਹਰ ਕੁਇੱਕ ਰਿਸਪਾਂਸ ਟੀਮਾਂ (QRTs) ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਐਂਟੀ-ਚੇਨ ਸਨੈਚਿੰਗ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਤਾਂ ਜੋ ਮੇਲੇ ਦੌਰਾਨ ਚੋਰੀ ਅਤੇ ਚੇਨ ਸਨੈਚਿੰਗ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਐਸ.ਪੀ. ਹੀਰਾਮਟ ਨੇ ਦੱਸਿਆ ਕਿ ਮੇਲੇ ਦੀ ਡਿਊਟੀ ਲਈ 350 ਤੋਂ ਵੱਧ ਪੁਲਿਸ ਮੁਲਾਜ਼ਮਾਂ ਅਤੇ ਹੋਮ ਗਾਰਡਜ਼ ਨੂੰ ਤਾਇਨਾਤ ਕੀਤਾ ਗਿਆ ਹੈ। ਪੂਰੇ ਸੁਰੱਖਿਆ ਪ੍ਰਬੰਧ ਨੂੰ 7 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਵਿੱਚ ਪੁਲਿਸ ਕਰਮਚਾਰੀਆਂ ਨੂੰ ਵਿਸ਼ੇਸ਼ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਅਤੇ ਪ੍ਰਬੰਧਕਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਲੰਗਰ ਸਥਾਨਾਂ ’ਤੇ ਸੁਚੱਜਾ ਪ੍ਰਬੰਧ, ਅਨੁਸ਼ਾਸਨ ਅਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਵੱਖ-ਵੱਖ ਸਥਾਨਾਂ ’ਤੇ ਬਾਈਕ ਪੈਟਰੋਲਿੰਗ ਟੀਮਾਂ ਵੱਲੋਂ ਨਿਯਮਿਤ ਗਸ਼ਤ ਕੀਤੀ ਜਾਵੇਗੀ ਅਤੇ ਸ਼ਰਧਾਲੂਆਂ ਦੀ ਆਵਾਜਾਈ ’ਤੇ ਨੇੜਿਓਂ ਨਜ਼ਰ ਰੱਖੀ ਜਾਵੇਗੀ।
ਐਸ.ਪੀ. ਸਚਿਨ ਹੀਰਾਮਟ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਪੁਲਿਸ ਅਤੇ ਪ੍ਰਸ਼ਾਸਨ ਨਾਲ ਪੂਰਾ ਸਹਿਯੋਗ ਕਰਨ, ਨਿਰਧਾਰਤ ਰਸਤਿਆਂ ਅਤੇ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰਨ।
ਗੱਲਬਾਤ ਦੌਰਾਨ ਊਨਾ ਪੁਲਿਸ ਅਤੇ ਪ੍ਰਸ਼ਾਸਨ ਦੀ ਮੇਲੇ ਸਬੰਧੀ ਤਿਆਰੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਸਵੀਰ ਸਾਹਮਣੇ ਆਈ। ਪ੍ਰਸ਼ਾਸਨ ਦਾ ਉਦੇਸ਼ ਹੈ ਕਿ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਆਉਣ ਵਾਲਾ ਹਰ ਸ਼ਰਧਾਲੂ ਸੁਰੱਖਿਅਤ, ਸ਼ਾਂਤਮਈ ਅਤੇ ਸੁਚੱਜੇ ਮਾਹੌਲ ਵਿੱਚ ਆਪਣੀ ਯਾਤਰਾ ਪੂਰੀ ਕਰ ਸਕੇ।
Comments
Post a Comment