ਹੁਸ਼ਿਆਰਪੁਰ/ਦਲਜੀਤ ਅਜਨੋਹਾ
ਪਿਰਾਮਿਡ ਕਾਲਜ ਆਫ਼ ਬਿਜ਼ਨਸ ਐਂਡ ਟੈਕਨਾਲੋਜੀ ਦੇ ਵਣਜ ਅਤੇ ਪ੍ਰਬੰਧਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਅਤੇ ਨਿਵੇਸ਼ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੇਅਰ ਬਾਜ਼ਾਰ ਅਤੇ ਨਿਵੇਸ਼ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸੱਚਦੇਵਾ ਸਟਾਕਸ ਦੇ ਮੈਨੇਜਿੰਗ ਡਾਇਰੈਕਟਰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਵਿਦਿਆਰਥੀਆਂ ਨੂੰ ਸ਼ੇਅਰ ਬਾਜ਼ਾਰ ਦੀ ਕਾਰਜ ਪ੍ਰਣਾਲੀ, ਮਿਊਚੁਅਲ ਫੰਡ, ਲੰਬੀ ਮਿਆਦ ਦੇ ਨਿਵੇਸ਼ ਅਤੇ ਸਿਸਟਮੈਟਿਕ ਇਨਵੈਸਟਮੈਂਟ ਪਲਾਨ (ਐੱਸ.ਆਈ.ਪੀ.) ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿਵੇਸ਼ ਸਿਰਫ਼ ਵਾਧੂ ਆਮਦਨ ਦਾ ਸਾਧਨ ਨਹੀਂ, ਸਗੋਂ ਆਰਥਿਕ ਤੌਰ ’ਤੇ ਸੁਰੱਖਿਅਤ ਭਵਿੱਖ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਪੂਰੀ ਜਾਣਕਾਰੀ ਦੇ ਨਿਵੇਸ਼ ਨਾ ਕਰਨ ਅਤੇ ਹਰ ਫ਼ੈਸਲਾ ਸੋਚ-ਵਿਚਾਰ ਕੇ ਲੈਣ ਦੀ ਸਲਾਹ ਦਿੱਤੀ। ਇਸ ਮੌਕੇ ਕੰਪਨੀ ਦੀਆਂ ਪ੍ਰਤੀਨਿਧ ਈਸ਼ਾ ਬੇਦੀ ਅਤੇ ਸਾਕਸ਼ੀ ਵੀ ਮੌਜੂਦ ਸਨ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਸ਼ੇਅਰ ਬਾਜ਼ਾਰ ਨਾਲ ਸਬੰਧਿਤ ਕਈ ਸਵਾਲ ਪੁੱਛੇ, ਜਿਨ੍ਹਾਂ ਦੇ ਮਾਹਿਰਾਂ ਨੇ ਵਿਹਾਰਕ ਉਦਾਹਰਨਾਂ ਰਾਹੀਂ ਤਸੱਲੀਬਖ਼ਸ਼ ਜਵਾਬ ਦਿੱਤੇ। ਵਣਜ ਅਤੇ ਪ੍ਰਬੰਧਨ ਵਿਭਾਗ ਦੇ ਮੁਖੀ ਡਾ. ਰਾਕੇਸ਼ ਮਹਾਜਨ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਿੱਤੀ ਸਿੱਖਿਆ ਹਰ ਵਿਦਿਆਰਥੀ ਲਈ ਲਾਜ਼ਮੀ ਬਣ ਚੁੱਕੀ ਹੈ ਅਤੇ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਗਿਆਨ ਅਤੇ ਹੁਨਰ ਵਿੱਚ ਵਾਧਾ ਕਰਦੇ ਹਨ। ਕਾਲਜ ਦੇ ਡਾਇਰੈਕਟਰ ਡਾ. ਇੰਦਰਪਾਲ ਸਿੰਘ ਨੇ ਸੱਚਦੇਵਾ ਸਟਾਕਸ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਨਅਤ ਅਤੇ ਸਿੱਖਿਆ ਸੰਸਥਾਵਾਂ ਵਿਚਕਾਰ ਇਸ ਤਰ੍ਹਾਂ ਦਾ ਤਾਲਮੇਲ ਵਿਦਿਆਰਥੀਆਂ ਨੂੰ ਵਿਹਾਰਕ ਜਾਣਕਾਰੀ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਪ੍ਰੋਗਰਾਮ ਕਰਵਾਉਣ ਦੀ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਇਵੈਂਟ ਕੋਆਰਡੀਨੇਟਰ ਸਿੰਮੀ ਬੱਤਰਾ, ਕਾਮਨੀ, ਵਣਜ ਅਤੇ ਪ੍ਰਬੰਧਨ ਵਿਭਾਗ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
Comments
Post a Comment