ਸ਼੍ਰੀ ਰਾਮ ਕਥਾ ਦੇ ਪਹਿਲੇ ਦਿਨ ਬਿੰਜੋਂ ਖੇਤਰ ਭਗਤੀਮਈ ਰੰਗ ਵਿੱਚ ਰੰਗਿਆ, ਭਗਵਾਨ ਸ਼ਿਵ ਦੇ ਵਿਵਾਹ ਪ੍ਰਸੰਗ ਨੇ ਸ਼ਰਧਾਲੂਆਂ ਦਾ ਮਨ ਮੋਹਿਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਅਤੇ ਸ਼੍ਰੀ ਪ੍ਰਾਣੇਸ਼ਵਰ ਮਹਾਦੇਵ ਮੰਦਰ, ਬਿੰਜੋਂ ਵੱਲੋਂ ਸ਼੍ਰੀ ਪ੍ਰਾਣੇਸ਼ਵਰ ਮਹਾਦੇਵ ਮੰਦਰ, ਬਿੰਜੋਂ ਵਿਖੇ ਸੱਤ ਦਿਵਸੀ ਸ਼੍ਰੀ ਰਾਮ ਕਥਾਮ੍ਰਿਤ ਦਾ ਭਵਿਆ ਆਯੋਜਨ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਸਾਧਵੀ ਸੁਸ਼੍ਰੀ ਮਨਸਵਿਨੀ ਭਾਰਤੀ ਜੀ ਨੇ ਆਪਣੇ ਪ੍ਰਭਾਵਸ਼ਾਲੀ ਅਤੇ ਭਾਵਪੂਰਨ ਪ੍ਰਵਚਨਾਂ ਰਾਹੀਂ ਸੰਗਤ ਨੂੰ ਆਤਮਿਕ ਗਿਆਨ ਨਾਲ ਜੋੜਦਿਆਂ ਪ੍ਰਭੂ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ।
ਕਥਾ ਦੇ ਪਹਿਲੇ ਦਿਨ ਭਗਵਾਨ ਸ਼ਿਵ ਜੀ ਦੇ ਵਿਵਾਹ ਪ੍ਰਸੰਗ ਦਾ ਬਹੁਤ ਹੀ ਸੁੰਦਰ, ਮਨਮੋਹਕ ਅਤੇ ਆਨੰਦਮਈ ਵਰਣਨ ਕੀਤਾ ਗਿਆ। ਸਾਧਵੀ ਜੀ ਨੇ ਸ਼ਿਵ ਵਿਵਾਹ ਦੇ ਆਧਿਆਤਮਿਕ ਮਹੱਤਵ ਨੂੰ ਸਮਝਾਉਂਦਿਆਂ ਸਮੂਹ ਸੰਗਤ ਨੂੰ ਭਗਵਾਨ ਸ਼ਿਵ ਜੀ ਦੀ ਬਾਰਾਤ ਦੇ ਬਾਰਾਤੀ ਬਣ ਕੇ ਇਸ ਦਿਵਿਆ ਲੀਲਾ ਵਿੱਚ ਭਾਗੀ ਬਣਨ ਦਾ ਸੱਦਾ ਦਿੱਤਾ। ਇਸ ਪ੍ਰਸੰਗ ਨੂੰ ਸ਼ਰਧਾਲੂਆਂ ਨੇ ਅਤਿਅੰਤ ਸ਼ਰਧਾ, ਉਤਸ਼ਾਹ ਅਤੇ ਆਨੰਦ ਨਾਲ ਸਰਵਣ ਕੀਤਾ।
ਕਥਾ ਦੌਰਾਨ ਪੇਸ਼ ਕੀਤੇ ਗਏ ਦਿਵਿਆ ਭਜਨਾਂ ਅਤੇ ਭਗਤੀਮਈ ਸੰਗੀਤ ਨੇ ਸਮੂਹ ਪੰਡਾਲ ਨੂੰ ਆਧਿਆਤਮਿਕ ਊਰਜਾ ਨਾਲ ਸਰਾਬੋਰ ਕਰ ਦਿੱਤਾ। ਸ਼ਰਧਾਲੂ ਪ੍ਰਭੂ ਦੇ ਦਿਵਿਆ ਗੁਣਗਾਨ ਵਿੱਚ ਲੀਨ ਹੋ ਕੇ ਭਗਤੀ ਰਸ ਦਾ ਆਨੰਦ ਮਾਣਦੇ ਨਜ਼ਰ ਆਏ। ਚਾਰੇ ਪਾਸੇ ਸ਼ਰਧਾ ਅਤੇ ਭਗਤੀ ਦਾ ਅਜਿਹਾ ਮਾਹੌਲ ਬਣ ਗਿਆ ਕਿ ਸਮੂਹ ਪੰਡਾਲ "ਜੈ ਸ਼੍ਰੀ ਰਾਮ" ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।
ਅੰਤ ਵਿੱਚ ਸ਼੍ਰੀ ਆਰਤੀ ਉਪਰੰਤ ਪਹਿਲੇ ਦਿਨ ਦੀ ਕਥਾ ਨੂੰ ਵਿਸ਼ਰਾਮ ਦਿੱਤਾ ਗਿਆ। ਆਰਤੀ ਵਿੱਚ ਮੰਦਰ ਕਮੇਟੀ ਦੇ ਸਮੂਹ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਰਹੇ।

Comments