ਖੜਗੇ ਦਾ ਅਪਮਾਨ ਦਲਿਤ ਸਮਾਜ ’ਤੇ ਹਮਲਾ ਹੀ ਨਹੀਂ, ਸੰਵਿਧਾਨ ਅਤੇ ਸਮਾਜਿਕ ਭਾਈਚਾਰੇ ਤੇ ਸਿੱਧਾ ਹਮਲਾ ਹੈ//ਐਡਵੋਕੇਟ ਰਣਜੀਤ ਕੁਮਾਰ******‘ਸ਼ੁੱਧੀਕਰਨ’ ਦੇ ਨਾਂ ’ਤੇ ਜਾਤੀਵਾਦੀ ਸੋਚ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮੋਦੀ ਸਰਕਾਰ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰੇ/ਐਡਵੋਕੇਟ ਰਣਜੀਤ ਕੁਮਾਰ
ਹੁਸ਼ਿਆਰਪੁਰ/ਦਲਜੀਤ ਅਜਨੋਹਾ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਨਾਲ ਕੀਤੇ ਗਏ ਕਥਿਤ ਅਪਮਾਨਜਨਕ ਵਰਤਾਰੇ ’ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਾਂਗਰਸ ਆਗੂ ਐਡਵੋਕੇਟ ਰਣਜੀਤ ਕੁਮਾਰ ਹਲਕਾ ਇੰਚਾਰਜ ਚੱਬੇਵਾਲ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਬਲਕਿ ਉਸ ਸੋਚ ਦਾ ਪ੍ਰਗਟਾਵਾ ਹੈ ਜੋ ਅੱਜ ਵੀ ਜਾਤੀ ਦੇ ਆਧਾਰ ’ਤੇ ਮਨੁੱਖ ਦੀ ਇੱਜ਼ਤ ਤੈਅ ਕਰਨਾ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਖੜਗੇ ਸਾਹਿਬ ਦਾ ਅਪਮਾਨ ਸਮੁੱਚੇ ਦਲਿਤ ਸਮਾਜ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਹੈ ਅਤੇ ਇਸਨੂੰ ਹਲਕੇ ਵਿੱਚ ਲੈਣਾ ਹੋਰ ਵੀ ਗੰਭੀਰ ਗੱਲ ਹੋਵੇਗੀ। ਜਿਹੜੇ ਲੋਕ ‘ਸ਼ੁੱਧੀਕਰਨ’ ਵਰਗੇ ਸ਼ਬਦਾਂ ਜਾਂ ਰਸਮਾਂ ਦੀ ਆੜ ਵਿੱਚ ਜਾਤੀਵਾਦੀ ਭੇਦਭਾਵ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਹੁਣ ਮਨੂਵਾਦੀ ਸੋਚ ਨਾਲ ਨਹੀਂ, ਸਗੋਂ ਡਾ. ਬੀ.ਆਰ. ਅੰਬੇਡਕਰ ਦੇ ਸੰਵਿਧਾਨ ਨਾਲ ਚੱਲਦਾ ਹੈ।
ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਜਾਤੀਵਾਦ ਦੀਆਂ ਜੜ੍ਹਾਂ ਨੂੰ ਰਾਜਨੀਤਿਕ ਸਹਾਰਾ ਦੇਣ ਦੀ ਕੋਈ ਵੀ ਕੋਸ਼ਿਸ਼ ਦੇਸ਼ ਦੀ ਏਕਤਾ ਅਤੇ ਲੋਕਤੰਤਰ ਲਈ ਖ਼ਤਰਨਾਕ ਹੈ। ਅਜਿਹੀਆਂ ਘਟਨਾਵਾਂ ਸਿਰਫ਼ ਇੱਕ ਵਰਗ ਨੂੰ ਅਪਮਾਨਿਤ ਨਹੀਂ ਕਰਦੀਆਂ, ਸਗੋਂ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਨਫ਼ਰਤ ਅਤੇ ਵੰਡ ਪੈਦਾ ਕਰਨ ਦਾ ਕੰਮ ਕਰਦੀਆਂ ਹਨ।
ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ‘ਸਬਕਾ ਸਾਥ, ਸਬਕਾ ਵਿਕਾਸ’ ਦੀ ਗੱਲ ਕਰਦੀ ਹੈ ਤਾਂ ਫਿਰ ਜਾਤੀ ਦੇ ਆਧਾਰ ’ਤੇ ਕਿਸੇ ਵੀ ਅਪਮਾਨ ਨੂੰ ਬਰਦਾਸ਼ਤ ਕਿਉਂ ਕੀਤਾ ਜਾਵੇ? ਸਰਕਾਰ ਨੂੰ ਬਿਆਨਾਂ ਅਤੇ ਨਾਰਿਆਂ ਤੋਂ ਅੱਗੇ ਵਧ ਕੇ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਕੇ ਦਿਖਾਉਣਾ ਚਾਹੀਦਾ ਹੈ।
ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਵੱਲੋਂ ਕਾਨੂੰਨ ਦੀ ਉਲੰਘਣਾ ਜਾਂ ਜਾਤੀਵਾਦੀ ਅਪਮਾਨ ਸਾਬਤ ਹੁੰਦਾ ਹੈ ਤਾਂ ਉਸ ਖ਼ਿਲਾਫ਼ ਬਿਨਾਂ ਕਿਸੇ ਰਾਜਨੀਤਿਕ ਦਬਾਅ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
Comments
Post a Comment