ਦਸ਼ਮੇਸ਼ ਗਰਲਜ਼ ਕਾਲਜ ਵਿੱਚ 'ਇੰਟਰਪ੍ਰਨਿਊਰਸ਼ਿਪ' 'ਤੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ


ਹੁਸ਼ਿਆਰਪੁਰ /ਦਲਜੀਤ ਅਜਨੋਹਾ
ਦਸ਼ਮੇਸ਼ ਗਰਲਜ਼ ਕਾਲਜ, ਚੱਕ ਅੱਲਾ ਬਖ਼ਸ਼, ਮੁਕੇਰੀਆਂ ਵਿਖੇ NGO-A4C ਦਸੂਹਾ ਦੇ ਸਹਿਯੋਗ ਨਾਲ "ਇੰਟਰਪ੍ਰਨਿਊਰਸ਼ਿਪ" ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਦਾ ਸਫਲ ਆਯੋਜਨ ਕੀਤਾ ਗਿਆ। ਇਸ ਸੰਗੋਸ਼ਠੀ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਨਵੀਨਤਾ, ਉਦਮਤਾ, ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਹ ਪ੍ਰੋਗਰਾਮ ਕਾਲਜ ਦੀ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ, ਜਦਕਿ ਮੰਚ ਸੰਚਾਲਨ ਆਈ.ਆਈ.ਸੀ. ਕੋਆਰਡੀਨੇਟਰ ਸੁਸ਼੍ਰੀ ਅਨੂ ਲਤਾ ਨੇ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਅਤੇ ਪੌਧਾਰੋਪਣ ਨਾਲ ਹੋਈ।
NGO-A4C ਦਸੂਹਾ ਦੇ ਪ੍ਰਧਾਨ ਸ਼੍ਰੀ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਦੀ ਬਜਾਏ ਰੋਜ਼ਗਾਰ ਦੇਣ ਵਾਲੇ ਉਦਮੀ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਨਵੀਨਤਾ, ਉਦਮਤਾ ਅਤੇ ਸਮਾਜਿਕ ਜ਼ਿੰਮੇਵਾਰੀ ਹੀ ਆਤਮਨਿਰਭਰ ਭਾਰਤ ਦੀ ਮਜ਼ਬੂਤ ਨੀਂਹ ਹਨ।
ਕਾਲਜ ਦੇ ਪ੍ਰਸ਼ਾਸਕੀ ਨਿਰਦੇਸ਼ਕ ਸਰਦਾਰ ਬਿਕਰਮਜੀਤ ਸਿੰਘ ਚੱਕ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵੱਲੋਂ ਗੁਣਵੱਤਾ ਭਰਪੂਰ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।
ਮਾਨਸੀ ਟੰਡਨ ਨੇ ਵਿਦਿਆਰਥੀਆਂ ਨੂੰ ਆਤਮਵਿਸ਼ਵਾਸ ਨਾਲ ਉਦਮਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਗ੍ਰੀਨ ਪਲੈਨੇਟ ਦੇ ਚੇਅਰਮੈਨ ਡਾ. ਕਮਲਜੀਤ ਸਿੰਘ ਨੇ ਉੱਦਮਤਾ Entrepreneurship ਅਤੇ ਵਾਤਾਵਰਣ ਸੰਭਾਲ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ। ਚੀਮਾ ਬਾਇਲਰਜ਼ ਲਿਮਿਟੇਡ ਦੇ ਚੇਅਰਮੈਨ ਡਾ. ਐਚ. ਐਸ. ਚੀਮਾ ਨੇ ਕਿਹਾ ਕਿ ਨਵੀਨਤਾ ਅਤੇ ਹੁਨਰ ਵਿਕਾਸ ਭਾਰਤ ਦੀ ਤਰੱਕੀ ਦੇ ਮੁੱਖ ਆਧਾਰ ਹਨ। ਇਸੇ ਤਰ੍ਹਾਂ ਇੰਡੀਅਨ ਸੁਕਰੋਜ਼ ਲਿਮਿਟੇਡ ਦੇ ਸੀ.ਐੱਮ.ਡੀ. ਸ਼੍ਰੀ ਕੁਨਾਲ ਯਾਦਵ ਨੇ ਨੈਤਿਕ ਮੁੱਲਾਂ 'ਤੇ ਆਧਾਰਿਤ ਨਵੀਨ ਉਦਮ ਸਥਾਪਿਤ ਕਰਨ ਦਾ ਸੰਦੇਸ਼ ਦਿੱਤਾ।
ਮੁੱਖ ਮਹਿਮਾਨ ਸੁਸ਼੍ਰੀ ਬਲਵਿੰਦਰ ਕੌਰ (ਆਈ.ਆਰ.ਐੱਸ.), ਆਮਦਨ ਕਰ ਕਮਿਸ਼ਨਰ, ਜਲੰਧਰ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਅਤੇ ਨੈਤਿਕ ਲੀਡਰਸ਼ਿਪ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।
ਸਮਾਪਤੀ ਮੌਕੇ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਉਦਮੀ ਅਤੇ ਜਾਗਰੂਕ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ।
ਅੰਤ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ (ਰਜਿ.) ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ ਅਤੇ ਇਸ ਸਫਲ ਆਯੋਜਨ ਲਈ NGO-A4C ਦਸੂਹਾ ਅਤੇ ਦਸ਼ਮੇਸ਼ ਗਰਲਜ਼ ਕਾਲਜ ਦੇ ਸਾਂਝੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਇੰਡੀਅਨ ਸੁਕਰੋਜ਼ ਲਿਮਿਟੇਡ, ਮੁਕੇਰੀਆਂ ਦੇ ਚੀਫ਼ ਫਾਇਨੈਂਸ਼ਲ ਅਫ਼ਸਰ (Chief Financial Officer) ਸ੍ਰੀ ਰਵਿੰਦਰ ਸ਼ਰਮਾ ਅਤੇ ਵਾਈਸ ਪ੍ਰੈਜ਼ੀਡੈਂਟ (Vice President) ਸ੍ਰੀ ਵੀ.ਪੀ. ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਇਸ ਮੌਕੇ ਪ੍ਰਿੰਸੀਪਲ ਡਾ. ਭਾਨੂ ਜਗਦੀਸ਼ ਚੰਦਰ, ਡੀ.ਏ.ਵੀ. ਕਾਲਜ, ਦਸੂਹਾ, ਡਾ. ਕੁਲਵੰਤ ਸਿੰਘ, ਡਾ. ਆਕਾਂਕਸ਼ਾ ਵਰਮਾ, ਡਾ. ਸੋਨੀਆ ਦੇਵੀ, ਸ਼੍ਰੀਮਤੀ ਰੇਣੂ ਗੁਪਤਾ, ਸ਼੍ਰੀਮਤੀ ਸੁਮਨ, ਸੁਸ਼੍ਰੀ ਮੋਨਿਕਾ, ਸੁਸ਼੍ਰੀ ਸੁਪਿੰਦਰ ਕੌਰ, ਸੁਸ਼੍ਰੀ ਗੀਤਾ, ਸ਼੍ਰੀ ਭੂਪਿੰਦਰ ਸਿੰਘ, ਸੁਸ਼੍ਰੀ ਪਰਮਿੰਦਰ ਕੌਰ, ਕਾਲਜ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

Comments