ਸਰਕਾਰੀ ਸਕੂਲ ਬਾਗਪੁਰ ਵਿਚ ‘ਸੱਚਦੇਵਾ ਸਟਾਕਸ ਫੈਮਿਲੀ ਵਾਕ’ ਪ੍ਰਤੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕਸਿਹਤਮੰਦ ਜੀਵਨਸ਼ੈਲੀ ਲਈ ਰੋਜ਼ਾਨਾ ਸੈਰ ਤੇ ਕਸਰਤ ਜਰੂਰੀ- ਪਰਮਜੀਤ ਸੱਚਦੇਵਾ
ਹੁਸ਼ਿਆਰਪੁਰ/ਦਲਜੀਤ ਅਜਨੋਹਾ—ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਾਗਪੁਰ ਵਿਖੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨਸ਼ੈਲੀ, ਸਰੀਰਕ ਤੰਦਰੁਸਤੀ ਅਤੇ ਨਿਯਮਤ ਕਸਰਤ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਸੱਚਦੇਵਾ ਸਟਾਕਸ ਫੈਮਿਲੀ ਵਾਕ’ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਰੀਰਕ ਤੰਦਰੁਸਤੀ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਦਾ ਵੱਡਾ ਸਮਾਂ ਮੋਬਾਇਲ ਫੋਨ ਅਤੇ ਹੋਰ ਇਲੈਕਟਰਾਨਿਕ ਉਪਕਰਨਾਂ ’ਤੇ ਬਤੀਤ ਹੋ ਰਿਹਾ ਹੈ। ਇਸ ਕਾਰਨ ਸਰੀਰਕ ਗਤੀਵਿਧੀਆਂ ਘੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤਮੰਦ ਰਹਿਣ ਲਈ ਰੋਜ਼ਾਨਾ ਸੈਰ, ਕਸਰਤ, ਸਾਈਕਲਿੰਗ ਅਤੇ ਖੇਡਾਂ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਿਯਮਤ ਸੈਰ ਅਤੇ ਕਸਰਤ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ‘ਸੱਚਦੇਵਾ ਸਟਾਕਸ ਫੈਮਿਲੀ ਵਾਕ’ ਦਾ ਉਦੇਸ਼ ਸਿਰਫ਼ ਇੱਕ ਵਾਕ ਕਰਵਾਉਣਾ ਨਹੀਂ, ਸਗੋਂ ਪਰਿਵਾਰਾਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 30 ਸਤੰਬਰ ਤੱਕ ਰਜਿਸਟਰੇਸ਼ਨ ਫੀਸ 50 ਰੁਪਏ ਰੱਖੀ ਗਈ ਹੈ। ਅਕਤੂਬਰ ਮਹੀਨੇ ਵਿੱਚ ਇਹ ਫੀਸ 100 ਰੁਪਏ ਹੋਵੇਗੀ, ਜਦਕਿ 15 ਨਵੰਬਰ ਤੱਕ ਰਜਿਸਟਰੇਸ਼ਨ ਫੀਸ 200 ਰੁਪਏ ਰਹੇਗੀ। ਇਸ ਤੋਂ ਬਾਅਦ ਰਜਿਸਟਰੇਸ਼ਨ ਫੀਸ 500 ਰੁਪਏ ਹੋ ਜਾਵੇਗੀ। ਵਿਦਿਆਰਥੀਆਂ ਨੂੰ ਸਮੇਂ ਸਿਰ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉਨ੍ਹਾਂ ਦੀ ਸਿੱਖਿਆ ਜਿੰਨੀ ਹੀ ਮਹੱਤਵਪੂਰਨ ਹੈ। ਇਸ ਮੌਕੇ ਉੱਤਮ ਸਿੰਘ ਸਾਬੀ, ਗੁਰਮੇਲ ਸਿੰਘ, ਓਂਕਾਰ ਸਿੰਘ, ਦੌਲਤ ਸਿੰਘ ਸਮੇਤ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Comments
Post a Comment