ਅੰਡਰ-14, ਅੰਡਰ-17 ਅਤੇ ਅੰਡਰ-19 ਬੀਚ ਵਾਲੀਬਾਲ ਵਿੱਚ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਬਣਿਆ ਜ਼ਿਲ੍ਹਾ ਚੈਂਪੀਅਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ 2026-27 ਦੇ ਬੀਚ ਵਾਲੀਬਾਲ ਮੁਕਾਬਲਿਆਂ ਵਿੱਚ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14, ਅੰਡਰ-17 ਅਤੇ ਅੰਡਰ-19 ਵਰਗਾਂ ਵਿੱਚ ਸਕੂਲ ਦੀਆਂ ਲੜਕੀਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਵਿਦਿਆ ਮੰਦਰ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਹ ਮੁਕਾਬਲੇ ਸਰਕਾਰੀ ਹਾਈ ਸਕੂਲ ਭਾਨਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ।
ਸ਼ਾਨਦਾਰ ਖੇਡ ਪ੍ਰਦਰਸ਼ਨ ਦੇ ਆਧਾਰ ’ਤੇ ਸਕੂਲ ਦੀਆਂ 8 ਖਿਡਾਰਨਾਂ ਦੀ ਰਾਜ ਪੱਧਰੀ ਹੋਣ ਵਾਲੀ ਪ੍ਰਤੀਯੋਗਤਾ ਲਈ ਚੋਣ ਕੀਤੀ ਗਈ।
ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ, ਪ੍ਰਿੰਸੀਪਲ ਸ਼ੋਭਾ ਕੰਵਰ, ਮਨੀਸ਼ਾ ਜੋਸ਼ੀ ਅਤੇ ਸਮੂਹ ਸਟਾਫ਼ ਨੇ ਸਕੂਲ ਪਹੁੰਚਣ ’ਤੇ ਖਿਡਾਰਨਾਂ ਅਤੇ ਉਨ੍ਹਾਂ ਦੇ ਕੋਚ ਮਲਕੀਅਤ ਕੁਮਾਰ, ਆਰ. ਸੀ. ਮਹਿਤਾ ਅਤੇ ਅਸ਼ਵਨੀ ਸ਼ਰਮਾ ਨੂੰ ਵਧਾਈ ਦਿੱਤੀ।
ਉਨ੍ਹਾਂ ਨੇ ਕਾਮਨਾ ਕੀਤੀ ਕਿ ਭਵਿੱਖ ਵਿੱਚ ਵੀ ਇਹ ਟੀਮਾਂ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਰਹਿਣ ਅਤੇ ਸਕੂਲ ਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਦੀਆਂ ਰਹਿਣ। ਕੈਪਟਨ ਮੀਨਾਕਸ਼ੀ, ਲਵਪ੍ਰੀਤ ਅਤੇ ਯਕਸ਼ਿਤਾ ਨੂੰ ਵੀ ਵਿਸ਼ੇਸ਼ ਆਸ਼ੀਰਵਾਦ ਦਿੱਤਾ ਗਿਆ।
Comments
Post a Comment