ਵਿਦਿਆ ਮੰਦਰ ਸੀਨੀਅਰ ਸੈਕੰਡਰੀ ਮਾਡਲ ਸਕੂਲ, ਸ਼ਿਮਲਾ ਪਹਾੜੀ, ਹੁਸ਼ਿਆਰਪੁਰ ਦੀਆਂ ਲੜਕੀਆਂ ਦੀਆਂ ਵਾਲੀਬਾਲ ਟੀਮਾਂ ਅੰਡਰ-14, ਅੰਡਰ-17 ਅਤੇ ਅੰਡਰ-19 ਵਿੱਚ ਲਗਾਤਾਰ ਜ਼ਿਲ੍ਹਾ ਚੈਂਪੀਅਨ
:
ਹੁਸ਼ਿਆਰਪਰ/ਦਲਜੀਤ ਅਜਨੋਹਾ
70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ 2026-2027 ਦੇ ਵਾਲੀਬਾਲ ਮੁਕਾਬਲਿਆਂ ਵਿੱਚ ਵਿਦਿਆ ਮੰਦਰ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀਆਂ ਅੰਡਰ-14, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਸੋਨ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਸਕੂਲ ਦੇ ਪ੍ਰਧਾਨ ਅਨੁਰਾਗ ਸੂਦ, ਸਕੱਤਰ ਡਾ. ਹਰਸ਼ਵਿੰਦਰ ਸਿੰਘ ਪਠਾਨੀਆ ਅਤੇ ਪ੍ਰਿੰਸੀਪਲ ਸ਼ੋਭਾ ਕੰਵਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਨਵਦੀਪ ਸੂਦ ਨੇ ਬੱਚਿਆਂ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਹ ਮੁਕਾਬਲੇ ਸਰਕਾਰੀ ਸਕੂਲ ਭਿਖੋਵਾਲ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਜਿੰਦਰ ਕੌਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ। ਟੀਮ ਦੇ ਕੋਚ ਮਲਕੀਅਤ ਕੁਮਾਰ ਅਤੇ ਆਰ. ਸੀ. ਮਹਿਤਾ ਅਤੇ ਟੀਮ ਇੰਚਾਰਜ ਗੁਰਪ੍ਰੀਤ ਕੌਰ ਨੇ ਟੀਮ ਦੀ ਸ਼ਾਨਦਾਰ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਖੇਡ ਪ੍ਰਤੀ ਲਗਨ ਨੂੰ ਦਿੱਤਾ।
ਜ਼ਿਕਰਯੋਗ ਹੈ ਕਿ ਇਹ ਤਿੰਨੋਂ ਟੀਮਾਂ ਲਗਾਤਾਰ ਕਈ ਸਾਲਾਂ ਤੋਂ ਜ਼ਿਲ੍ਹਾ ਪੱਧਰ ’ਤੇ ਜਿੱਤ ਦਰਜ ਕਰ ਰਹੀਆਂ ਹਨ। ਟੀਮ ਦੇ ਲਗਭਗ 20 ਖਿਡਾਰੀ ਆਉਣ ਵਾਲੀ ਰਾਜ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਭਾਗ ਲੈਣਗੇ ਅਤੇ ਉੱਥੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਉਮੀਦ ਹੈ।
ਇਸ ਸ਼ਾਨਦਾਰ ਜਿੱਤ ’ਤੇ (NRI) ਕੋਚ ਕੁਲਦੀਪ ਸਿੰਘ, (NRI) ਸ. ਹਰਜੀਤ ਸਿੰਘ ਗਿੱਲ, ਭੁਪਿੰਦਰ ਸਿੰਘ, ਕੋਚ ਚੰਚਲ ਸਿੰਘ, ਕੋਚ ਅਸ਼ਵਨੀ ਸ਼ਰਮਾ, ਲੈਕਚਰਾਰ ਹਰਵਿੰਦਰ ਸਿੰਘ, ਮਨੀਸ਼ਾ ਜੋਸ਼ੀ, ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਵਧਾਈ ਸੰਦੇਸ਼ ਦਿੱਤੇ।
ਅੰਤ ਵਿੱਚ ਸਕੂਲ ਦੀ ਪ੍ਰਬੰਧਕ ਕਮੇਟੀ ਨੇ ਕੋਚ ਮਲਕੀਅਤ ਕੁਮਾਰ ਅਤੇ ਆਰ. ਸੀ. ਮਹਿਤਾ ਦਾ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਲਗਾਤਾਰ ਬਿਹਤਰ ਪ੍ਰਦਰਸ਼ਨ ਲਈ ਤਿਆਰ ਕਰਨ ਵਾਸਤੇ ਧੰਨਵਾਦ ਕੀਤਾ।
Comments
Post a Comment