1.11 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨਾਲ ਚੰਦੇਲੀ ਦੀ ਬਦਲ ਰਹੀ ਹੈ ਤਸਵੀਰ – ਡਾ. ਈਸ਼ਾਂਕ ਕੁਮਾਰਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋਂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ 

"ਮੇਰਾ ਮੁੱਖ ਉਦੇਸ਼ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਸਮਾਜ ਦੇ ਹਰ ਵਰਗ ਲਈ ਬਿਹਤਰ ਨਾਗਰਿਕ ਸਹੂਲਤਾਂ ਉਪਲਬਧ ਕਰਵਾਉਣਾ ਹੈ," ਇਹ ਪ੍ਰਗਟਾਵਾ ਚੱਬੇਵਾਲ ਦੇ ਵਿਧਾਇਕ ਡਾ. ਈਸ਼ਾਂਕ ਕੁਮਾਰ ਨੇ ਆਪਣੇ ਹਾਲੀਆ ਚੰਦੇਲੀ ਦੌਰੇ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਪਿੰਡ ਚੰਦੇਲੀ ਅੱਜ ਚੱਬੇਵਾਲ ਹਲਕੇ ਵਿੱਚ ਪੇਂਡੂ ਵਿਕਾਸ ਦੀ ਇੱਕ ਨਵੀਂ ਮਿਸਾਲ ਬਣ ਕੇ ਉੱਭਰ ਰਿਹਾ ਹੈ, ਜਿੱਥੇ 1.11 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਜਾਂ ਤੇਜ਼ੀ ਨਾਲ ਚੱਲ ਰਹੇ ਹਨ। ਇਸ ਮੌਕੇ ਵਿਧਾਇਕ ਨੇ ਸੰਤ ਰਮੇਸ਼ ਦਾਸ ਸ਼ੇਰਪੁਰ ਢੱਕੋਂ ਤੋਂ ਡਾ. ਭੀਮ ਰਾਓ ਅੰਬੇਡਕਰ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰਖਵਾਇਆ। ਉਨ੍ਹਾਂ ਦੱਸਿਆ ਕਿ ਇਸ ਕਮਿਊਨਿਟੀ ਹਾਲ ਦੇ ਨਿਰਮਾਣ ਲਈ 5 ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਗਈ ਹੈ, ਜੋ ਪਿੰਡ ਦੇ ਸਮਾਜਿਕ ਅਤੇ ਭਾਈਚਾਰਕ ਸਮਾਗਮਾਂ ਲਈ ਇੱਕ ਮਹੱਤਵਪੂਰਨ ਸਹੂਲਤ ਸਾਬਤ ਹੋਵੇਗੀ।

ਡਾ. ਈਸ਼ਾਂਕ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਮਾਹਿਲਪੁਰ–ਹੁਸ਼ਿਆਰਪੁਰ ਮੁੱਖ ਸੜਕ ਤੋਂ ਚੰਦੇਲੀ ਤੱਕ 1.53 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ 50.13 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕਰ ਦਿੱਤਾ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਪੂਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ 17 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਅਤੇ ਨਾਲੀਆਂ ਦੇ ਨਿਰਮਾਣ ਲਈ ਗ੍ਰਾਂਟ ਜਾਰੀ ਕੀਤੀ ਗਈ, ਜਿਸ ਨਾਲ ਸਫ਼ਾਈ ਪ੍ਰਬੰਧ ਵਿੱਚ ਸੁਧਾਰ ਆਇਆ ਹੈ ਅਤੇ ਆਵਾਜਾਈ ਹੋਰ ਸੁਖਾਲੀ ਬਣੀ ਹੈ। ਇਸ ਤੋਂ ਇਲਾਵਾ 3 ਲੱਖ ਰੁਪਏ ਦੀ ਲਾਗਤ ਨਾਲ ਧਰਮਸ਼ਾਲਾ ਦਾ ਨਿਰਮਾਣ ਵੀ ਮੁਕੰਮਲ ਹੋ ਚੁੱਕਾ ਹੈ।

ਪਿੰਡ ਦੇ ਨੌਜਵਾਨਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ 35.74 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਖੇਡ ਮੈਦਾਨ ਦਾ ਨਿਰਮਾਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਇਸ ਦੇ ਮੁਕੰਮਲ ਹੋਣ ਨਾਲ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਲਈ ਬਿਹਤਰ ਸਹੂਲਤਾਂ ਮਿਲਣਗੀਆਂ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਵਾਂ ਮੰਚ ਪ੍ਰਾਪਤ ਹੋਵੇਗਾ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਈਸ਼ਾਂਕ ਕੁਮਾਰ ਨੇ ਕਿਹਾ, "ਸਾਡਾ ਟੀਚਾ ਹਰ ਪਿੰਡ ਵਿੱਚ ਮਜ਼ਬੂਤ ਸੜਕਾਂ, ਬਿਹਤਰ ਸਫ਼ਾਈ ਪ੍ਰਬੰਧ, ਉੱਚ ਪੱਧਰੀ ਜਨਤਕ ਸਹੂਲਤਾਂ ਅਤੇ ਨੌਜਵਾਨਾਂ ਲਈ ਆਧੁਨਿਕ ਖੇਡ ਤੇ ਭਾਈਚਾਰਕ ਢਾਂਚਾ ਉਪਲਬਧ ਕਰਵਾਉਣਾ ਹੈ। ਵਿਕਾਸ ਦਾ ਲਾਭ ਹਰ ਘਰ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਇਸੇ ਸੋਚ ਨਾਲ ਅਸੀਂ ਚੱਬੇਵਾਲ ਹਲਕੇ ਦੇ ਹਰ ਪਿੰਡ ਦਾ ਸੰਤੁਲਿਤ ਵਿਕਾਸ ਯਕੀਨੀ ਬਣਾ ਰਹੇ ਹਾਂ।"

ਪਿੰਡ ਦੀ ਸਰਪੰਚ ਕਮਲਾ ਦੇਵੀ ਨੇ ਚੰਦੇਲੀ ਵਿੱਚ ਹੋ ਰਹੇ ਵਿਕਾਸ ਕਾਰਜਾਂ ਲਈ ਵਿਧਾਇਕ ਡਾ. ਈਸ਼ਾਂਕ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡ ਨੂੰ ਵਿਕਾਸ ਕਾਰਜਾਂ ਵਿੱਚ ਲਗਾਤਾਰ ਤਰਜੀਹ ਦਿੱਤੀ ਜਾ ਰਹੀ ਹੈ। ਪੰਚਾਇਤ ਮੈਂਬਰਾਂ ਨੇ ਖਾਸ ਤੌਰ 'ਤੇ ਖੇਡ ਮੈਦਾਨ ਦੇ ਨਿਰਮਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵਿੱਚ ਆਪਣੀ ਪ੍ਰਤਿਭਾ ਨਿਖਾਰਨ ਦਾ ਵਧੀਆ ਮੌਕਾ ਮਿਲੇਗਾ। ਪਿੰਡ ਵਾਸੀਆਂ ਨੇ ਵੀ ਵਿਸ਼ਵਾਸ ਪ੍ਰਗਟਾਇਆ ਕਿ ਇਹ ਵਿਕਾਸ ਕਾਰਜ ਚੰਦੇਲੀ ਦੀ ਤਸਵੀਰ ਅਤੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਇਸ ਮੌਕੇ ਪੰਚ ਬਰਖਾ ਪਵਾਰ, ਪੰਚ ਜਸਵਿੰਦਰ ਸਿੰਘ, ਪੰਚ ਬਗੀਚਾ ਸਿੰਘ, ਪੰਚ ਰਾਮ ਲੁਭਾਇਆ, ਜੀਵਨ ਕੁਮਾਰ, ਅਮਰਜੀਤ ਕੌਰ, ਸੁਰਿੰਦਰ ਸਿੰਘ ਗੋਹਗਰੋਂ, ਭਜਨ ਸਿੰਘ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਰਾਜੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Comments