ਏਬੀਵੀਪੀ ਹੁਸ਼ਿਆਰਪੁਰ ਵੱਲੋਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਸੁਧਾਰਾਂ ਦੀ ਮੰਗ ਸਬੰਧੀ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ


ਹੁਸ਼ਿਆਰਪੁਰ/ਦਲਜੀਤ ਅਜਨੋਹਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ), ਹੁਸ਼ਿਆਰਪੁਰ ਵੱਲੋਂ ਪੰਜਾਬ ਦੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਸਹਾਇਕ ਕਮਿਸ਼ਨਰ, ਹੁਸ਼ਿਆਰਪੁਰ ਨੂੰ ਸੌਂਪਿਆ ਗਿਆ। ਮੰਗ ਪੱਤਰ ਵਿੱਚ ਪੰਜਾਬ ਦੀ ਸਿੱਖਿਆ ਪ੍ਰਣਾਲੀ ਨਾਲ ਜੁੜੇ ਗੰਭੀਰ ਮੁੱਦਿਆਂ ਨੂੰ ਉਠਾਉਂਦਿਆਂ ਲਗਾਤਾਰ ਹੋ ਰਹੇ ਪੇਪਰ ਲੀਕ, ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ-2020) ਨੂੰ ਪੂਰੀ ਤਰ੍ਹਾਂ ਲਾਗੂ ਕਰਨ, ਸਥਾਈ ਅਧਿਆਪਕਾਂ ਦੀ ਭਰਤੀ, ਸਮੇਂ ਸਿਰ ਸਕਾਲਰਸ਼ਿਪ ਜਾਰੀ ਕਰਨ, ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹ, ਨਸ਼ਾ-ਮੁਕਤ ਕੈਂਪਸ ਅਤੇ ਰੋਜ਼ਗਾਰ-ਕੇਂਦਰਿਤ ਸਿੱਖਿਆ ਵਰਗੀਆਂ ਮਹੱਤਵਪੂਰਨ ਮੰਗਾਂ ਰੱਖੀਆਂ ਗਈਆਂ। 

ABVP OLD LETTERHEAD final.pdf

ਇਸ ਮੌਕੇ ਏਬੀਵੀਪੀ ਪੰਜਾਬ ਦੇ ਪ੍ਰਾਂਤ ਸਹਿ ਮੰਤਰੀ ਅੰਕਿਤ ਕੁੰਦਰਾ ਨੇ ਕਿਹਾ ਕਿ ਲਗਾਤਾਰ ਹੋ ਰਹੇ ਪੇਪਰ ਲੀਕਾਂ ਨੇ ਲੱਖਾਂ ਮਿਹਨਤੀ ਵਿਦਿਆਰਥੀਆਂ ਦਾ ਭਰੋਸਾ ਤੋੜ ਦਿੱਤਾ ਹੈ ਅਤੇ ਪੰਜਾਬ ਦੀ ਪ੍ਰੀਖਿਆ ਪ੍ਰਣਾਲੀ ਦੀਆਂ ਗੰਭੀਰ ਖਾਮੀਆਂ ਨੂੰ ਬੇਨਕਾਬ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਾਰ-ਵਾਰ ਭਰੋਸਿਆਂ ਦੇ ਬਾਵਜੂਦ ਵਿਦਿਆਰਥੀ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ।

ਅੰਕਿਤ ਕੁੰਦਰਾ ਨੇ ਕਿਹਾ ਕਿ ਸਾਲ 2022 ਵਿੱਚ ਵਿਜੀਲੈਂਸ ਬਿਊਰੋ ਨੂੰ ਭੇਜੇ ਗਏ ਪੇਪਰ ਲੀਕ ਦੇ ਮਾਮਲੇ ਅੱਜ ਵੀ ਲੰਬਿਤ ਪਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਇਨ੍ਹਾਂ ਮਾਮਲਿਆਂ ਵਿੱਚ ਕੋਈ ਠੋਸ ਨਤੀਜਾ ਕਿਉਂ ਸਾਹਮਣੇ ਨਹੀਂ ਆਇਆ। ਉਨ੍ਹਾਂ ਮੰਗ ਕੀਤੀ ਕਿ ਸਾਰੇ ਲੰਬਿਤ ਮਾਮਲਿਆਂ ਦੀ ਸਮੇਂਬੱਧ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਸੁਰੱਖਿਅਤ ਅਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ, ਐਨਈਪੀ-2020 ਦੀ ਪੂਰੀ ਲਾਗੂਅਮਲੀ, ਸਥਾਈ ਅਧਿਆਪਕਾਂ ਦੀ ਭਰਤੀ, ਸਮੇਂ ਸਿਰ ਸਕਾਲਰਸ਼ਿਪ ਜਾਰੀ ਕਰਨ, ਵਿਦਿਆਰਥੀ ਯੂਨੀਅਨ ਚੋਣਾਂ ਦੀ ਬਹਾਲੀ, ਫੀਸਾਂ ’ਤੇ ਨਿਯੰਤਰਣ, ਕਰੀਅਰ ਅਤੇ ਪਲੇਸਮੈਂਟ ਸੈੱਲਾਂ ਦੀ ਸਥਾਪਨਾ ਅਤੇ ਉਦਯੋਗ-ਸਿੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਵੀ ਮੰਗ ਕੀਤੀ।

ਇਸ ਮੌਕੇ ਅੰਕਿਤ ਕੁੰਦਰਾ (ਪ੍ਰਾਂਤ ਸਹਿ ਮੰਤਰੀ, ਏਬੀਵੀਪੀ ਪੰਜਾਬ), ਰਿਤੇਸ਼ ਸ਼ਰਮਾ (ਨਗਰ ਸਹਿ ਮੰਤਰੀ, ਏਬੀਵੀਪੀ ਹੁਸ਼ਿਆਰਪੁਰ) ਅਤੇ ਅਭਿਸ਼ੇਕ ਕੁਮਾਰ (ਇਕਾਈ ਮੈਂਬਰ, ਏਬੀਵੀਪੀ ਹੁਸ਼ਿਆਰਪੁਰ) ਹਾਜ਼ਰ ਸਨ।

Comments