ਆਦਿ ਧਰਮ" ਲਹਿਰ ਦੇ ਝੰਡੇ ਬੁਲੰਦ ਕਰਨ ਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀਆਂ ਦਾ ਧੰਨਬਾਦ - ਸੰਤ ਸਤਵਿੰਦਰ ਹੀਰਾ *ਜਨਗਣਨਾ 'ਚ ਆਦਿ ਧਰਮ ਦਾ ਖਾਨਾ ਸਥਾਪਤ ਕਰਾਉਣ ਲਈ ਸਾਂਝੇ ਸੰਘਰਸ਼ ਦੀ ਲੋੜ




 
ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀਆਂ (ਰਜਿ.) ਪੰਜਾਬ ਦੇ ਸਮੂਹ ਐਗਜੈਕਟਿਵ ਮੈਂਬਰਾਂ ਅਤੇ ਵੱਖ ਵੱਖ ਡੇਰਿਆਂ ਦੇ ਸੰਤਾਂ ਮਹਾਂਪੁਰਸ਼ਾਂ ਅਤੇ ਸਮਾਜ ਦੇ ਬੁੱਧੀਜੀਵੀ ਆਗੂਆਂ ਦਾ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਬਾਦ ਕਰਦਾ ਹੈ ਅਤੇ ਸਦਾ ਰਿਣੀ ਰਹੇਗਾ ਜਿਨਾਂ ਨੇ ਆਦਿ ਧਰਮ ਗੁਰੂ ਸਾਹਿਬਾਨਾਂ ਅਤੇ ਰਹਿਬਰਾਂ ਵਲੋਂ ਚਲਾਏ ਆਦਿ ਧਰਮ ਦੀ ਹੋਂਦ ਨੂੰ ਕਾਇਮ ਰੱਖਦਿਆਂ ਆਦਿ ਧਰਮ ਦੇ ਨਾਅਰੇ ਨੂੰ ਬੁਲੰਦ ਕੀਤਾ ਹੈ ਅਤੇ ਸੰਗਤਾਂ ਨੂੰ 
ਸੰਦੇਸ਼ ਜਾਰੀ ਕਰਕੇ ਸਾਡਾ ਸਭ ਦਾ ਧਰਮ "ਆਦਿ ਧਰਮ" ਹੈ ਅਤੇ ਜਨਗਣਨਾ ਵਿੱਚ "ਆਦਿ ਧਰਮ" ਲਿਖਵਾਉਣ ਲਈ ਪ੍ਰੇਰਿਤ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ.ਭਾਰਤ ਨੇ ਸਮੂਹ ਸੰਤ ਸਮਾਜ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਕਿਹਾ ਕਿ ਆਓ, ਵਿਚਾਰਾਂ ਦੇ ਮੱਤਭੇਦ ਭੁਲਾਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕ੍ਰਾਂਤੀਕਾਰੀ ਸੰਘਰਸ਼ਮਈ ਬਾਣੀ ਵਲੋਂ ਦਰਸਾਏ ਏਕਤਾ, ਭਾਈਚਾਰਾ ਅਤੇ ਬਰਾਰਬਤਾ ਦੇ ਪੈਗਾਮ ਨੂੰ ਮੰਜਿਲ ਤੇ ਪਹੁੰਚਾਉਣ ਲਈ ਬੇਗਮਪੁਰਾ ਦੇ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਸੰਘਰਸ਼ ਨੂੰ ਅੱਗੇ ਲੈ ਕੇ ਚਲੀਏ।
 ਸੰਤ ਸਤਵਿੰਦਰ ਹੀਰਾ ਨੇ ਕਿਹਾ ਕਿ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਨੇ ਭਾਰਤ ਦੇ ਬਹੁਗਿਣਤੀ ਲੋਕਾਂ ਦੇ ਸੰਵਿਧਾਨਕ ਅਧਿਕਾਰਾਂ ਦੀ ਪ੍ਰਾਪਤੀ ਅਤੇ ਸੁਰੱਖਿਆ ਲਈ ਸੰਘਰਸ਼ ਕੀਤਾ ਅਤੇ ਸਦੀਆਂ ਤੋਂ ਲਿਤਾੜੀ ਦੱਬੀ ਹੋਈ ਕੌਮ ਨੂੰ ਸਮਾਨਅੰਤਰ ਜੀਵਨ ਜਿਉਣ ਦੇ ਹੱਕ ਲੈ ਕੇ ਦਿੱਤੇ। ਉਨਾਂ ਕਿਹਾ ਰਹਿਬਰਾਂ ਦੇ ਸੰਘਰਸ਼ ਸਦਕਾ ਸਾਡੀ ਗੌਰਵਮਈ ਪਹਿਚਾਣ ਆਦਿ ਧਰਮ ਦਾ ਕਾਲਿਮ ਸਥਾਪਿਤ ਕਰਾਇਆ ਗਿਆ ਸੀ ਜੋ ਕਿ 1931 ਦੀ ਮਰਦਮ ਸ਼ੁਮਾਰੀ ਸਮੇਂ ਇਹ ਖਾਨਾ ਮੌਜੂਦ ਸੀ ਅਤੇ ਲੱਖਾਂ ਲੋਕਾਂ ਵਲੋਂ ਆਪਣਾ ਧਰਮ ਆਦਿ ਧਰਮ ਲਿਖਵਾਇਆ ਗਿਆ ਸੀ, ਪਰ ਸਮੇਂ ਦੀਆਂ ਸਰਕਾਰਾਂ ਦੀ ਬਦਨੀਤੀ ਕਾਰਨ ਇਹ ਆਦਿ ਧਰਮ ਦਾ ਖਾਨਾ ਹਟਾ ਦਿੱਤਾ ਗਿਆ, ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਅਤੇ ਆਦਿ ਧਰਮ ਦਾ ਖਾਨਾ ਮੁੜ ਸਥਾਪਿਤ ਕਰਾਉਣ ਲਈ ਧਾਰਮਿਕ, ਸਮਾਜਿਕ ਅਤੇ ਪੜੇ ਲਿਖੇ ਬੁੱਧੀਜੀਵੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਆਰੰਭ ਕਰਨਾ ਚਾਹੀਦਾ ਹੈ, ਜਿਸ ਦੀ ਅਗਵਾਈ ਪੰਜਾਬ ਦੇ ਸਤਿਕਾਰਯੋਗ ਸੰਤ ਸਮਾਜ ਨੂੰ ਕਰਨੀ ਚਾਹੀਦੀ ਹੈ।

Comments