ਅਵਿਨਾਸ਼ ਰਾਏ ਖੰਨਾ ਵੱਲੋਂ ਬਲਜਿੰਦਰ ਮਾਨ ਦੀ ਬਾਲ ਪੁਸਤਕ 'ਪਾਣੀ ਦਾ ਮੁੱਲ' ਜਾਰੀ ਪਾਣੀ ਬਚਾ ਕੇ ਹੀ ਅਸੀਂ ਭਵਿੱਖ ਦੀਆਂ ਨਸਲਾਂ ਬਚਾ ਸਕਦੇ ਹਾਂ- ਅਸ਼ੋਕ ਪੁਰੀ



ਹੁਸ਼ਿਆਰਪੁਰ /ਦਲਜੀਤ ਅਜਨੋਹਾ 
ਪਾਣੀ ਬਚਾ ਕੇ ਹੀ ਅਸੀਂ ਭਵਿੱਖ ਦੀਆਂ ਨਸਲਾਂ ਬਚਾ ਸਕਦੇ ਹਾਂ। ਇਹ ਵਿਚਾਰ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਇੰਟਰਨੈਸ਼ਨਲ ਵਾਇਸ ਪ੍ਰੈਜ਼ੀਡੈਂਟ ਅਸ਼ੋਕ ਪੁਰੀ ਨੇ ਪੁਸਤਕ ਰਿਲੀਜ਼ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਆਖੇ। ਉਹਨਾਂ ਅੱਗੇ ਕਿਹਾ ਕਿ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਬਾਲ ਸਾਹਿਤ ਜਗਤ ਵਿੱਚ ਆਪਣੀ ਮਿਹਨਤ ਲਗਨ ਅਤੇ ਨਿਰੰਤਰਤਾ ਸਦਕਾ ਦੇਸ਼ ਦੁਨੀਆ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਰਾਹੀਂ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜ ਰਹੇ ਹਨ। ਬਾਲ ਕਹਾਣੀ ਸੰਗ੍ਰਹਿ 'ਪਾਣੀ ਦਾ ਮੁੱਲ' ਨੂੰ ਜਾਰੀ ਕਰਦਿਆਂ ਸਾਬਕਾ ਐਮਪੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜੇਕਰ ਅਸੀਂ ਅੱਜ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਸੁਚੇਤ ਨਾ ਹੋਏ ਤਾਂ ਭਵਿੱਖ ਦੀਆਂ ਕੌਮਾਂ ਸਾਨੂੰ ਕਦੀ ਮਾਫ਼ ਨਹੀਂ ਕਰਨਗੀਆਂ । ਲੇਖਕ ਨੇ ਇਸ ਪੁਸਤਕ ਰਾਹੀਂ ਸਾਨੂੰ ਸੁਚੇਤ ਕੀਤਾ ਹੈ ਕਿ ਅਸੀਂ ਆਪੋ ਆਪਣੀ ਜ਼ਿੰਮੇਵਾਰੀ ਪਛਾਣਦੇ ਹੋਏ ਕੁਦਰਤ ਵਲੋਂ ਬਖਸ਼ੀਆਂ ਦਾਤਾਂ ਦੀ ਸਾਂਭ ਸੰਭਾਲ ਕਰੀਏ। ਇਸ ਮੌਕੇ ਇੰਟਰਨੈਸ਼ਨਲ ਐਡਵਾਈਜ਼ਰ ਐਡਵੋਕੇਟ ਐਸ ਪੀ ਰਾਣਾ ਅਤੇ ਜ਼ਿਲ੍ਹਾ ਗਵਰਨਰ ਹਰਜੀਤ ਸਿੰਘ ਮਠਾਰੂ ਨੇ ਕਿਹਾ ਕਿ ਬਾਲ ਮਨੋਵਿਗਿਆਨ ਅਨੁਸਾਰ ਸਿਰਜਿਆ ਇਹ ਕਹਾਣੀ ਸੰਗ੍ਰਹਿ ਬੱਚਿਆਂ ਅੰਦਰ ਨਰੋਈਆਂ ਕਦਰਾਂ ਕੀਮਤਾਂ ਦਾ ਸੰਚਾਰ ਕਰਦਾ ਹੈ। ਮਲਟੀ ਮੀਡੀਆ ਅਤੇ ਗਰਾਫਿਕ ਡਿਜ਼ਾਇਨਰ ਸੁਖਮਨ ਸਿੰਘ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਦੀ ਚਿੱਤਰਕਾਰੀ ਦੀ ਖੂਬ ਸ਼ਲਾਘਾ ਕੀਤੀ। ਉਹਨਾਂ ਅੱਗੇ ਕਿਹਾ ਕਿ ਬੱਚੇ ਸ਼ਬਦ ਪੜ੍ਹਨ ਤੋਂ ਪਹਿਲਾਂ ਚਿੱਤਰ ਦੇਖਦੇ ਹਨ। ਐਲੀ ਸੁਮੇਸ਼ ਕੁਮਾਰ ਅਤੇ ਰਮੇਸ਼ ਕੁਮਾਰ ਨੇ ਬਲਜਿੰਦਰ ਮਾਨ ਦੇ ਸਾਹਿਤ ਅਤੇ ਸਭਿਆਚਾਰਕ ਜਗਤ ਵਿੱਚ ਚਾਰ ਦਹਾਕਿਆਂ ਦੇ ਨਿਰਸਵਾਰਥੀ ਉਪਰਾਲਿਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਮਿਆਂ ਦੇ ਹਾਣੀ ਅਜਿਹੇ ਸਾਹਿਤ ਦੀ ਸਾਡੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਜ਼ਰੂਰਤ ਹੈ।
      ਬਲਜਿੰਦਰ ਮਾਨ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਲ ਸਾਹਿਤ ਦੀ ਸਿਰਜਣਾ ਕਰਨਾ ਹਾਰੀ- ਸਾਰੀ ਦਾ ਕੰਮ ਨਹੀਂ। ਇਸ ਕਾਰਜ ਵਿੱਚ ਬਾਲ ਮਨੋਵਿਗਿਆਨ ਦੇ ਮਾਹਿਰ ਲੇਖਕ ਹੀ ਸਫ਼ਲ ਹੁੰਦੇ ਹਨ। ਇੰਟਰਨੈਟ ਦੇ ਜਾਲ਼ ਵਿੱਚ ਫਸੇ ਬੱਚਿਆਂ ਨੂੰ ਕੱਢਣ ਲਈ ਉਹਨਾਂ ਹੱਥ ਰੌਚਕ ਪੁਸਤਕਾਂ ਦੇਣ ਦੀ ਜ਼ਿੰਮੇਵਾਰੀ ਮਾਪਿਆਂ ਤੇ ਅਧਿਆਪਕਾਂ ਸਿਰ ਹੈ।
     ਇਸ ਰਿਲੀਜ਼ ਸਮਾਰੋਹ ਮੌਕੇ ਨਰੇਸ਼ ਚੱਢਾ, ਹਰਵੀਰ ਮਾਨ, ਹਰਮਨਪ੍ਰੀਤ ਕੌਰ, ਮਨਜੀਤ ਕੌਰ, ਪਵਨ ਸਕਰੂਲੀ, ਮਨਜਿੰਦਰ ਹੀਰ, ਚੈਂਚਲ ਸਿੰਘ ਬੈਂਸ, ਬੱਗਾ ਸਿੰਘ ਆਰਟਿਸਟ ਆਰਟਿਸਟ ਸਮੇਤ ਪਤਵੰਤੇ ਅਤੇ ਸਾਹਿਤ ਪ੍ਰੇਮੀ ਸ਼ਾਮਿਲ ਹੋਏ।

Comments