ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਸਬੰਧੀ ਖੇਤ ਦਿਵਸ ਕਰਵਾਇਆਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਚਲਾਈ ਜਾ ਰਹੀ ਖੇਤ ਬਚਾਓ ਮੁਹਿੰਮ ਤਹਿਤ ਪਿੰਡ ਬਹਿਬਲਪੁਰ ਵਿਖੇ ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਦੁਆਰਾ ਲਗਾਈ ਗਈ ਪਨੀਰੀ ਸਬੰਧੀ ਖੇਤ ਦਿਵਸ ਕਰਵਾਇਆ ਗਿਆ।
   ਇਸ ਕੈਂਪ ਵਿੱਚ ਉਚੇਚੇ ਤੌਰ ‘ਤੇ ਵਿਧਾਇਕ ਚੱਬੇਵਾਲ ਚੱਬੇਵਾਲ ਡਾ. ਇਸ਼ਾਂਕ ਕੁਮਾਰ ਮੁੱਖ ਮਹਿਮਾਨ ਵਜੋਂ ਹਾਜਿਰ ਹੋਏ ਅਤੇ ਮੁੱਖ ਖੇਤੀਬਾੜੀ ਅਫਸਰ, ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ।
            ਕੈਂਪ ਵਿੱਚ ਪਹੁੰਚੇ ਮਹਿਮਾਨਾਂ ਤੇ ਕਿਸਾਨਾਂ ਦਾ ਸੁਆਗਤ ਕਰਦਿਆਂ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨ ਭਲਾਈ ਸਬੰਧੀ ਕੇਂਦਰ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ ਟਾਇਪ ਪਨੀਰੀ ਦੀ ਲੋੜ ਹੁੰਦੀ ਹੈ ਅਤੇ ਝੋਨੇ ਦੀ ਮਸ਼ੀਨੀ ਲੁਆਈ ਦੀ ਕਾਰਜਕੁਸ਼ਲਤਾ, ਝੋਨੇ ਦੀ ਮੈਟ ਟਾਇਪ ਪਨੀਰੀ ‘ਤੇ ਬਹੁਤ ਨਿਰਭਰ ਕਰਦੀ ਹੈ। ਝੋਨੇ ਦੀ ਮੈਟ ਟਾਇਪ ਪਨੀਰੀ ਦੀ ਬਿਜਾਈ ਨੂੰ ਆਸਾਨ ਅਤੇ ਤੇਜ਼ੀ ਨਾਲ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਮੈਟ ਟਾਇਪ ਪਨੀਰੀ ਦੀ ਮਸ਼ੀਨੀ ਬਿਜਾਈ ਲਈ ਟਰੈਕਟਰ ਨਾਲ ਚੱਲਣ ਵਾਲੀ ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਸਿਫਾਰਿਸ਼ ਕੀਤੀ ਹੈ।
        ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਵਿਧਾਇਕ ਚੱਬੇਵਾਲ ਡਾ. ਇਸ਼ਾਂਕ ਕੁਮਾਰ ਨੇ ਪੰਜਾਬ ਸਰਕਾਰ ਦੀ ਕਿਸਾਨ ਭਲਾਈ ਵਚਨਬੱਧਤਾ ਦੋਹਰਾਈ ਅਤੇ ਇਸ ਸਬੰਧੀ ਸਰਕਾਰੀ ਸਹੂਲਤਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ‘ਤੇ ਨਿਰਭਰ ਹੈ ਅਤੇ ਪੰਜਾਬ ਸਰਕਾਰ ਖੇਤੀਬਾੜੀ ਦੀ ਬਿਹਤਰੀ ਲਈ ਹਰੇਕ ਜ਼ਰੂਰੀ ਕਦਮ ਚੱਕ ਰਹੀ ਹੈ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੂੰ ਇਸ ਦੀਆਂ ਸੇਵਾਵਾਂ ਅਤੇ ਸਿਖਲਾਈ ਪ੍ਰੋਗਰਾਮਾਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਆ। ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਮਸ਼ੀਨੀ ਲੁਆਈ ਸਮੇਂ ਦੀ ਲੋੜ ਹੈ ਅਤੇ ਕਿਸਾਨ ਵੀਰਾਂ ਨੂੰ ਇਸ ਤਕਨੀਕ ਨੂੰ ਵੱਡੇ ਪੱਧਰ ‘ਤੇ ਅਪਨਾਉਣਾ ਚਾਹੀਦਾ ਹੈ।
         ਮੁੱਖ ਖੇਤੀਬਾੜੀ ਅਫ਼ਸਰ ਡਾ. ਦਪਿੰਦਰ ਸਿੰਘ ਨੇ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ ਬਾਰੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਕਿਸਾਨਾਂ ਦੁਆਰਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀਆਂ ਖੇਤੀਬਾੜੀ ਬਾਬਤ ਨਵੀਨਤਮ ਸਿਫਾਰਿਸ਼ਾਂ ਨੂੰ ਅਪਣਾਇਆ ਜਾਵੇ। ਖਾਸਕਰ ਕੁਦਰਤੀ ਸਰੋਤਾਂ ਦੀ ਸੰਭਾਲ ਤਕਨੀਕਾਂ।
       ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਦੇ ਮਾਹਿਰ, ਕਿਸਾਨਾਂ ਤੇ ਕਿਸਾਨ ਬੀਬੀਆਂ ਨਾਲ ਰੂ-ਬ-ਰੂ ਹੋਏ। ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ) ਡਾ. ਪਰਮਿੰਦਰ ਸਿੰਘ ਨੇ ਗਰਮੀਆਂ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਖੁਰਾਕ ਬਾਬਤ ਵਿਸਥਾਰ ਨਾਲ ਦੱਸਿਆ। ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਅਜੈਬ ਸਿੰਘ ਨੇ ਪੀ.ਏ.ਯੂ. ਮੈਟ ਟਾਇਪ ਨਰਸਰੀ ਸੀਡਰ ਮਸ਼ੀਨ ਦੀ ਵਰਤੋਂ ਕਰਦੇ ਸਮੇਂ ਧਿਆਨ ਵਿੱਚ ਰੱਖਣ ਵਾਲੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ ਅਤੇ ਖੇਤੀਬਾੜੀ ਅਫ਼ਸਰ ਡਾ. ਕਿਰਨਦੀਪ ਸਿੰਘ ਨੇ ਸਾਉਣੀ ਦੀਆਂ ਫ਼ਸਲਾਂ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਤੇ ਸਰਵਪੱਖੀ ਖਾਦ ਪ੍ਰਬੰਧਨ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ।
    ਕੈਂਪ ਵਿੱਚ ਇਲਾਕੇ ਦੇ ਅਗਾਂਹਵਧੂ ਕਿਸਾਨ, ਪਿੰਡ ਬਹਿਬਲਪੁਰ ਤੋਂ ਵਰਿੰਦਰ ਕੁਮਾਰ, ਪਿੰਡ ਠੀਂਡਾ ਤੋਂ ਉਂਕਾਰ ਸਿੰਘ, ਕੁਲਵੀਰ ਸਿੰਘ, ਬਲਜੀਤ ਸਿੰਘ, ਤਰਸੇਮ ਸਿੰਘ, ਪਿੰਡ ਕੋਟ ਫਤੂਹੀ ਤੋਂ ਗੁਰਦੀਪ ਸਿੰਘ, ਪਿੰਡ ਦਾਤਾ ਤੋਂ ਦਲਜੀਤ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।
           ਮਹਿਮਾਨਾਂ ਅਤੇ ਕਿਸਾਨਾਂ ਨੇ ਪੀ.ਏ.ਯੂ. ਟਰੈਕਟਰ ਚਲਿਤ ਝੋਨੇ ਦੀ ਮੈਟ ਟਾਇਪ ਨਰਸਰੀ ਸੀਡਰ ਦੁਆਰਾ ਲਗਾਈ ਗਈ ਪਨੀਰੀ ਦਾ ਦੌਰਾ ਕੀਤਾ ਅਤੇ ਇਸ ਪ੍ਰਤੀ ਸੰਤੁਸ਼ਟੀ ਪ੍ਰਗਟਾਈ। ਪਿੰਡ ਕੋਟ ਫਤੂਹੀ ਤੋਂ ਸਾਬਕਾ ਸਰਪੰਚ ਤੇ ਅਗਾਂਹਵਧੂ ਕਿਸਾਨ ਗੁਰਮੇਲ ਸਿੰਘ ਮਸ਼ੀਨ ਪਿਛਲੇ 4 ਸਾਲਾਂ ਤੋਂ ਸਫਲਤਾਪੂਰਵਕ ਝੋਨੇ ਦੀ ਮੈਟ ਟਾਇਪ ਪਨੀਰੀ ਲੱਗਭਗ 200 ਏਕੜ ਦੀ ਮਸ਼ੀਨੀ ਲੁਆਈ ਲਈ ਲਗਾ ਰਿਹਾ ਹੈ ਅਤੇ ਅਤੇ ਇਸ ਸਬੰਧੀ ਮੁੱਖ ਮਹਿਮਾਨ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਕਿਸਾਨਾਂ ਦੀ ਸਹੂਲਤ ਲਈ ਪਸ਼ੂਆਂ ਲਈ ਧਾਤਾਂ ਦਾ ਚੂਰਾ, ਪ੍ਰੀਮਿਕਸ, ਬਾਈਪਾਸ ਫੈਟ ਅਤੇ ਖੇਤੀ ਸਾਹਿਤ ਉਪਲਬੱਧ ਕਰਵਾਇਆ ਗਿਆ।
ਅਖੀਰ ਵਿੱਚ ਪਿੰਡ ਬਹਿਬਲਪੁਰ ਦੇ ਸਰਪੰਚ ਜਸਪ੍ਰੀਤ ਸਿੰਘ ਨੇ ਇਸ ਖੇਤ ਦਿਵਸ ਵਿੱਚ ਪਹੁੰਚੇ ਮਹਿਮਾਨਾਂ, ਮਾਹਿਰਾਂ ਅਤੇ ਕਿਸਾਨ ਤੇ ਕਿਸਾਨ ਬੀਬੀਆਂ ਦਾ ਰਸਮੀ ਤੌਰ ‘ਤੇ ਧੰਨਵਾਦ ਕੀਤਾ।

Comments