ਸਹਿਜ ਧਿਆਨ ਯੋਗ ਅਤੇ ਹੈਪੀਨੈਸ ਸ਼ਿਵਰ ਦੌਰਾਨ ਧਾਰਮਿਕ ਅਸਥਾਨਾਂ ਦੇ ਕੀਤੇ ਦਰਸ਼ਨ ਦੀਦਾਰੇ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਆਰਟ ਆਫ ਲਿਵਿੰਗ ਹੈਪੀਨੈਸ ਸੈਂਟਰ ਹੁਸ਼ਿਆਰਪੁਰ ਵੱਲੋਂ ਸਤਿਕਾਰਯੋਗ ਮੈਡਮ ਵੰਦਨਾ ਜੀ ਅਤੇ ਮੋਹਿਤ ਜੀ ਦੀ ਯੋਗ ਅਗਵਾਈ ਹੇਠ ਦੇਚੇਨ ਚੋਖੋਰ ਮੱਠ ( ਮਨਿਸਟਰੀ ) ਜੋ ਕਿ ਕੁੱਲੂ ਸ਼ਹਿਰ ਤੋਂ 12 ਕੁ ਕਿਲੋਮੀਟਰ ਦੀ ਦੂਰੀ ਤੇ ਪਿੰਡ ਸਾਰਾਬਾਈ ਵਿਖੇ ਸਥਿਤ ਹੈ ਵਿਖੇ ਲਗਾਏ ਗਏ ਚਾਰ ਦਿਨ ਦੇ ਯੋਗਾ ਅਤੇ ਮੈਡੀਟੇਸ਼ਨ ਸ਼ਿਵਰ ਦੌਰਾਨ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ ਗਏ। ਸ਼ਿਵਰ ਵਿੱਚ ਸ਼ਾਮਿਲ ਲਗਭਗ 40 ਸਾਥੀਆਂ ਨੇ ਸਮੇਂ- ਸਮੇਂ ਤੇ ਇਸ ਮਨਿਸਟਰੀ ਅੰਦਰ ਸਥਿਤ ਤਥਾਗਤ ਭਗਵਾਨ ਬੁੱਧ ਦੇ ਸਟੈਚੂ ਨੂੰ ਪ੍ਰਣਾਮ ਕੀਤਾ ਤੇ ਇਸ ਮਨਿਸਟਰੀ ਵਿੱਚ 3 ਤੋਂ ਸਾਢੇ 3 ਵਜੇ ਤੱਕ ਹੁੰਦੀ ਪ੍ਰਾਰਥਨਾ ਵਿੱਚ ਹਿੱਸਾ ਵੀ ਲਿਆ। ਇਹ ਮੋਨਿਸਟਰੀ ਬੋਧ ਵਾਤਾਵਰਨ, ਸ਼ਾਂਤੀ, ਕੁੱਲੂ ਵੈਲੀ ਦੇ ਪਹਾੜੀ ਨਜ਼ਾਰੇ, ਭੀੜ ਭਾੜ ਤੋਂ ਦੂਰ ਅਤੇ ਅਧਿਆਤਮਿਕ ਸ਼ਾਂਤੀ ਵਾਲੀ ਇੱਕ ਬਹੁਤ ਹੀ ਆਨੰਦਮਈ ਜਗ੍ਹਾ ਹੈ। ਸ਼ਿਵਰ ਵਿੱਚ ਸ਼ਾਮਿਲ ਲਗਭਗ 40 ਵਿਅਕਤੀਆਂ ਨੇ ਇਸ ਅਸਥਾਨ ਦੀ ਸ਼ਾਂਤੀ ਅਤੇ ਪਵਿੱਤਰਤਾ ਦਾ ਆਨੰਦ ਮਾਣਿਆ। ਦੂਜੇ ਦਿਨ ਸ਼ਿਵਰ ਵਿੱਚ ਸ਼ਾਮਿਲ ਕੁਝ ਸਾਥੀ ਕੁੱਲੂ ਤੋਂ ਲਗਭਗ 12 ਕੁ ਕਿਲੋਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਕਸ਼ਵਰੀ ਦੀ ਕੁੱਲੂ ਘਾਟੀ ਵਿੱਚ ਸਥਿਤ ਬਿਜਲੀ ਮਹਾਦੇਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਗਏ। ਇਹ ਮੰਦਰ ਸਮੁੰਦਰੀ ਤਲ ਤੋਂ ਲਗਭਗ 2500 ਮੀਟਰ ਦੀ ਉਚਾਈ ਤੇ ਹੈ ਤੇ ਇਸ ਮੰਦਰ ਨੂੰ ਜਾਣ ਵਾਸਤੇ ਲੱਗਭੱਗ 1200 ਪੌੜੀਆਂ ਚੜਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਸਮੇਂ- ਸਮੇਂ ਤੇ ਇਸ ਸਥਾਨ ਤੇ ਅਸਮਾਨੀ ਬਿਜਲੀ ਡਿੱਗਦੀ ਹੈ। ਜਿਸ ਨਾਲ ਮੰਦਰ ਅੰਦਰ ਮੌਜੂਦ ਸ਼ਿਵਲਿੰਗ ਟੁੱਟ ਜਾਂਦਾ ਹੈ ਤੇ ਪੁਜਾਰੀ ਵੱਲੋਂ ਇਸ ਨੂੰ ਮੁੜ ਜੋੜਿਆ ਜਾਂਦਾ ਹੈ। ਇਸ ਅਸਥਾਨ ਤੇ ਗਏ ਸ਼ਰਧਾਲੂਆਂ ਨੇ ਵੀ ਇਸ ਅਸਥਾਨ ਅਤੇ ਕੁਦਰਤ ਦੇ ਨਜ਼ਾਰਿਆਂ ਦਾ ਅਧਿਆਤਮਿਕ ਆਨੰਦ ਮਾਣਿਆ। ਇਸ ਤੋਂ ਅਗਲੇ ਦਿਨ ਸ਼ਿਵਰ ਵਿੱਚ ਸ਼ਾਮਿਲ ਹੋਏ ਸਾਥੀ ਗੁਰਦੁਆਰਾ ਮਨੀਕਰਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਏ। ਮਨੀਕਰਨ ਸਾਹਿਬ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪਾਰਵਤੀ ਘਾਟੀ ਵਿੱਚ ਸਥਿਤ ਇੱਕ ਪਵਿੱਤਰ ਗੁਰਦੁਆਰਾ ਹੈ। ਇਸ ਦੇ ਨਾਲ ਹੀ ਇੱਕ ਰਾਮ ਮੰਦਿਰ ਵੀ ਹੈ। ਸਿੱਖ ਪਰੰਪਰਾ ਅਨੁਸਾਰ ਇਸ ਅਸਥਾਨ ਤੇ ਧੰਨ- ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ। ਮਨੀਕਰਨ ਦੀ ਖਾਸ ਪਹਿਚਾਣ ਇੱਥੇ ਦੇ ਗਰਮ ਪਾਣੀ ਦੇ ਚਸ਼ਮੇ ਹਨ। ਗੁਰਦੁਆਰਾ ਸਾਹਿਬ ਵਿਖੇ ਲੰਗਰ ਵੀ ਗਰਮ ਪਾਣੀ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਥਾਂ ਧਾਰਮਿਕ ਸ਼ਾਂਤੀ, ਆਸਥਾ ਅਤੇ ਸਾਂਝੀਵਾਲਤਾ ਦਾ ਸੁੰਦਰ ਪ੍ਰਤੀਕ ਹੈ। ਇਹਨਾਂ ਦਿਨਾਂ ਦੌਰਾਨ ਸ਼ਿਵਰ ਵਿੱਚ ਸ਼ਾਮਿਲ ਸਾਰੇ ਹੀ ਸਾਥੀਆਂ ਨੇ ਕੁਲੂ ਵਿਖੇ ਰਾਫਟਿੰਗ ਵੀ ਕੀਤੀ ਅਤੇ ਨਾਲ ਹੀ ਕਸੌਲ ਦੇ ਕੁਦਰਤੀ ਨਜਾਰਿਆਂ ਨੂੰ ਵੀ ਮਾਣਿਆ। ਇਸ ਮੌਕੇ ਰਾਘਵੀ, ਭਵਿਆ, ਅਦੀਸ਼ਾ, ਕੁਲਦੀਪ, ਪਰਮਜੀਤ, ਡਾਕਟਰ ਸਵਿਤਾ, ਮਧੂ ਜੀ, ਅਜੇ ਜੀ ਸਮੇਤ ਮੁੰਬਈ, ਗੁਜਰਾਤ,ਦਿੱਲੀ, ਚੰਡੀਗੜ੍ਹ, ਭਿਵਾਨੀ, ਬਠਿੰਡਾ, ਹੁਸ਼ਿਆਰਪੁਰ ਅਤੇ ਮਾਹਿਲਪੁਰ ਤੋਂ ਸ਼ਿਵਰ ਵਿੱਚ ਸ਼ਾਮਿਲ ਹੋਏ ਸਾਥੀ ਹਾਜ਼ਰ ਸਨ।

Comments