ਆਦਿ ਧਰਮ ਮਿਸ਼ਨ ਰਾਹੀਂ ਗੁਰੂਆਂ,ਰਹਿਬਰਾਂ ਦਾ ਏਕਤਾ,ਬਰਾਬਰਤਾ ਦਾ ਸੁਨੇਹਾ ਘਰ ਘਰ ਪਹੁੰਚਾਇਆ ਜਾਵੇਗਾ - ਸੰਤ ਸਤਵਿੰਦਰ ਹੀਰਾ
ਹੁਸ਼ਿਆਰਪੁਰ /ਦਲਜੀਤ ਅਜਨੋਹਾ
ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਵਲੋਂ ਸ੍ਰੀ ਗੁਰੂ ਰਵਿਦਾਸ ਚਰਨਛੋਹ ਇਤਿਹਾਸਕ ਧਰਮ ਅਸਥਾਨ ਬੇਗਮਪੁਰਾ ਵਿਖੇ ਹੋਏ ਆਦਿ ਧਰਮ ਮੰਡਲ ਦੇ ਸ਼ਤਾਬਦੀ ਸਮਾਗਮਾਂ ਦੀ ਸਫਲਤਾ ਲਈ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੂੰ ਮੁਬਾਰਕਬਾਦ ਦਿੰਦਿਆਂ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਦੇ ਕਰੋੜਾਂ ਅਨੁਸੂਚਿਤ ਅਤੇ ਪੱਛੜੇ ਵਰਗਾਂ ਦੇ ਧਾਰਮਿਕ, ਸਮਾਜਿਕ, ਸੰਵਿਧਾਨਕ ਹੱਕਾਂ ਦੀ ਰਾਖੀ ਲਈ ਆਦਿ ਧਰਮ ਮਿਸ਼ਨ ਹਮੇਸ਼ਾਂ ਸੰਘਰਸ਼ਸ਼ੀਲ ਰਿਹਾ ਅਤੇ ਭਵਿੱਖ ਵਿੱਚ ਵੀ ਰਹੇਗਾ। ਉਨਾਂ ਕਿਹਾ ਆਦਿ ਧਰਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ, ਬਾਬਾ ਬੰਤਾ ਰਾਮ ਘੇੜਾ ਦੇ ਕੌਮ ਅੰਦਰ ਏਕਤਾ,ਬਰਾਬਰਤਾ ਤੇ ਭਾਈਚਾਰੇ ਦੇ ਸੁਨੇਹੇ ਨੂੰ ਆਦਿ ਧਰਮ ਮਿਸ਼ਨ ਦੇ ਮੰਚ ਤੋਂ ਘਰ ਘਰ ਤੱਕ ਪਹੁੰਚਾਇਆ ਜਾਵੇਗਾ।
ਸੰਤ ਸਤਵਿੰਦਰ ਹੀਰਾ ਨੇ ਕਿਹਾ ਬਹੁਤ ਸਾਰੇ ਆਦਿ ਧਰਮ ਮਿਸ਼ਨ ਵਿਰੋਧੀ ਲੋਕ ਮਿਸ਼ਨ ਨੂੰ ਢਾਹ ਲਾਉਣ ਲਈ ਸ਼ਾਜਿਸ਼ਾਂ ਰਚ ਰਹੇ ਹਨ ਪਰ ਇਹ ਮਿਸ਼ਨ ਗੁਰੂਆਂ ਰਹਿਬਰਾਂ ਵਲੋਂ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਨੀਤਕ ਪਰਿਵਰਤਨ ਦਾ ਅੰਦੋਲਨ ਹੈ ਜੋ ਰੁਕੇਗਾ ਨਹੀਂ ਬਲਕਿ ਵੱਡਾ ਪਰਿਵਰਤਨ ਲਿਆਕੇ ਆਪਣੀ ਮੰਜਿਲ ਤੇ ਪਹੁੰਚੇਗਾ।
ਸੰਤ ਹੀਰਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਬਾਬ ਦਿੰਦਿਆਂ ਕਿਹਾ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਸ੍ਰੀ ਖੁਰਾਲਗੜ੍ਹ ਸਾਹਿਬ 'ਚ ਸਿਹਤ, ਸਿੱਖਿਆ ਅਤੇ ਖੇਡਾਂ ਦੇ ਵੱਡੇ ਪ੍ਰੋਜੈਕਟ ਉਸਾਰੀ ਲਈ ਪਹਿਲਕਦਮੀ ਕਰੇਗਾ ਅਤੇ ਸੱਭਿਆਚਾਰ ਪੱਖੋਂ ਵਿਕਸਤ ਤੇ ਖੁਸ਼ਹਾਲ ਮਾਡਲ ਵਜੋਂ ਪੇਸ਼ ਕਰੇਗਾ।
ਸੰਤ ਹੀਰਾ ਨੇ ਕਿਹਾ ਸ੍ਰੀ ਖੁਰਾਲਗੜ ਸਾਹਿਬ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਉਨਾਂ ਦੀ ਪਰਮਸ਼ਿਸ਼ ਮੀਰਾਂ ਬਾਈ ਦੇ ਸੁੰਦਰ ਅਲੌਕਿਕ ਮੰਦਿਰ ਉਸਾਰੀ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਸੇਵਾ ਮੁਕਤ ਅਫਸਰ ਸਹਿਬਾਨ, ਬੁੱਧੀਜੀਵੀਆਂ ਦੀ ਇਕ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਵੇਗੀ ਜੋ ਆਦਿ ਧਰਮੀ ਕੌਮ ਦੇ ਮਹਾਨ ਅਸਥਾਨਾਂ ਦੀ ਨਵ ਉਸਾਰੀ ਤੇ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਚਲਾਕੇ ਆਦਿ ਧਰਮ ਲਈ ਵੱਡਾ ਸੰਘਰਸ਼ ਆਰੰਭ ਕਰਨਗੇ । ਸਤਵਿੰਦਰ ਹੀਰਾ ਨੇ ਫਿਰ ਮੁੜ ਦੁਹਰਾਇਆ ਕਿ ਓਨਾਂ ਦਾ ਸੁਪਨਾ ਹੈ,ਸੋਚ ਹੈ ਕਿ ਸ੍ਰੀ ਖੁਰਾਲਗੜ ਸਾਹਿਬ ਵਿਖੇ ਇਕ ਵੱਡੀ ਅਕੈਡਮੀ ਸਥਾਪਿਤ ਹੋਵੇ ਜਿਥੋਂ ਬਾਬੂ ਮੰਗੂ ਰਾਮ ਮੁਗੋਵਾਲੀਆ,ਮਹਾਤਮਾ ਜੋਤੀਬਾ ਫੁਲੇ, ਬਾਬਾ ਸਾਹਿਬ ਡਾ. ਅੰਬੇਡਕਰ, ਬਾਬੂ ਕਾਂਸ਼ੀ ਰਾਮ ਵਰਗੇ ਮਹਾਂਨਾਇਕ ਪੈਦਾ ਹੋਣ ਅਤੇ ਆਦਿ ਧਰਮ ਦੀ ਲਹਿਰ ਨੂੰ ਪੂਰੇ ਵਿਸ਼ਵ ਅੰਦਰ ਪ੍ਰਚੰਡ ਕਰਕੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪਰਿਵਰਤਨ ਦੇ ਅੰਦੋਲਨ ਨੂੰ ਮੰਜ਼ਿਲ ਵੱਲ ਲਿਜਾਣ ਲਈ ਸੰਘਰਸ਼ ਜਾਰੀ ਰੱਖਣ।
Comments
Post a Comment