****ਓਲੰਪੀਅਨ ਸਵ: ਜਰਨੈਲ ਸਿੰਘ ਦੀ ਯਾਦ 'ਚ 'ਫੁੱਟਬਾਲ ਪਲੇਅਰ ਵੈਲਫੇਅਰ ਸੁਸਾਇਟੀ ਮਾਹਿਲਪੁਰ' ਦੀ ਸਥਾਪਨਾ:***ਅਰਜਨਾ ਐਵਾਰਡੀ ਗੁਰਦੇਵ ਸਿੰਘ ਗਿੱਲ ਤੇ ਸ: ਇੰਦਰ ਸਿੰਘ ਦੀ ਸਰਪ੍ਰਸਤੀ ਹੇਠ ਕੋਚ ਬੰਧਨਾਂ ਸਿੰਘ ਪ੍ਰਧਾਨ ਬਣੇ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਬੀਤੇ ਦਿਨੀ ਸੰਸਾਰ ਪੱਧਰੀ ਫੁੱਟਬਾਲ ਦੇ ਮਹਾਂ ਕੁੰਭ ਦੇ ਚੱਲਦਿਆਂ ਫੁੱਟਬਾਲਰਾਂ ਦੀ ਨਰਸਰੀ ਤੇ ਮੱਕਾ ਕਹਾਉਣ ਵਾਲੀ ਧਰਤੀ ਮਾਹਿਲਪੁਰ 'ਚ ਪੁਰਾਣੇ ਨਾਮੀ ਫੁੱਟਬਾਲਰਾਂ ਤੇ ਫੁੱਟਬਾਲ ਪ੍ਰੇਮੀਆਂ ਦੀ ਇੱਕ ਮੀਟਿੰਗ ਹੋਈ।ਜਿਸ ਨੂੰ ਵਿਦੇਸ਼ੀ ਵਸਦੇ ਉੱਘੇ ਫੁੱਟਬਾਲਰਾਂ ਤੇ ਪ੍ਰੇਮੀਆਂ ਵਲੋਂ ਭਰਵਾਂ ਹੁੰਗਾਰਾ ਮਿਲਿਆ।ਇਸ ਮੀਟਿੰਗ 'ਚ ਫੁੱਟਬਾਲ ਨੂੰ ਓਲੰਪਿਕ ਤੱਕ ਲੈ ਕੇ ਜਾਣ ਵਾਲੇ ਏਸੀਆਂ ਦੇ ਮਹਾਨ ਪੰਜਾਬੀ ਫੁੱਟਬਾਲਰ ਸਵ: ਸ: ਜਰਨੈਲ ਸਿੰਘ ਜੀ ਦੀਆਂ ਬੇਮਿਸਾਲ ਪ੍ਰਾਪਤੀਆਂ ਨੂੰ ਯਾਦ ਕਰਦਿਆਂ, ਅਰਜਨਾ ਐਵਾਰਡੀ ਫੁੱਟਬਾਲਰ ਸਰਦਾਰ ਗੁਰਦੇਵ ਸਿੰਘ ਗਿੱਲ ਤੇ ਸਰਦਾਰ ਇੰਦਰ ਸਿੰਘ ਜੀ ਦੀ ਸਰਪ੍ਰਸਤੀ ਹੇਠ 'ਫੁੱਟਬਾਲ ਪਲੇਅਰ ਵੈਲਫੇਅਰ ਸੁਸਾਇਟੀ ਮਾਹਿਲਪੁਰ' ਦੀ ਸਥਾਪਨਾ ਕੀਤੀ ਗਈ।ਜਿਸ ਵਿੱਚ ਨਵੀਂ ਪੀੜ੍ਹੀ ਦੇ ਫੁੱਟਬਾਲ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਤੇ ਰਾਸ਼ਟਰੀ, ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਲਈ ਗੰਭੀਰ ਵਿਚਾਰ ਚਰਚਾ ਹੋਈ।ਫੁੱਟਬਾਲ ਖੇਡ ਵਿੱਚ ਨਾਮਣਾਂ ਖੱਟਣ ਵਾਲੇ ਉੱਘੇ ਫੁੱਟਬਾਲਰਾਂ ਨੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਫੁੱਟਬਾਲ ਦੀ ਖੇਡ ਨੂੰ ਮੁੜ ਸਰਦਾਰ ਜਰਨੈਲ ਸਿੰਘ ਹੋਰਾਂ ਦੀਆਂ ਪਾਈਆਂ ਪੈੜ੍ਹਾਂ ਤੇ ਤੋਰਨ ਲਈ ਆਪਣੇਂ ਸੁਝਾਅ ਦਿੱਤੇ ਅਤੇ ਫੁੱਟਬਾਲ ਸਮੇਤ ਬਾਕੀ ਖੇਡਾਂ ਵਿੱਚ ਆਏ ਨਿਘਾਰ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ।ਉਨ੍ਹਾਂ ਵਲੋਂ ਖੇਡਾਂ ਦੇ ਪੱਧਰ ਨੂੰ ਮੁੜ ਉੱਚਾ ਚੁੱਕਣ ਲਈ ਇਲਾਕੇ ਦੀਆਂ ਸਰਗਰਮ ਸੰਸਥਾਵਾਂ ਦੀ ਲਗਨ ਤੇ ਯਤਨਾਂ ਨੂੰ ਸਲਾਹਿਆ ਵੀ ਗਿਆ।ਇਸ ਮੌਕੇ ਮਹਾਨ ਵਿਦਿਆ ਦਾਨੀ ਤੇ ਕਰਮਯੋਗੀ ਇਨਸਾਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਵਰਗੇ ਪਰਉਪਕਾਰੀ ਤੇ ਸਰਬ ਸਮਰੱਥ ਪ੍ਰਬੰਧਕਾਂ ਦੀ ਘਾਟ ਮਹਿਸੂਸ ਕਰਦਿਆਂ ਉਨ੍ਹਾਂ ਦੇ ਫੁੱਟਬਾਲ ਤੇ ਵਿੱਦਿਆ ਦੇ ਖੇਤਰ 'ਚ ਪਾਏ ਵਿਸ਼ੇਸ਼ ਯੋਗਦਾਨ ਨੂੰ ਸਿਜਦਾ ਕੀਤਾ ਗਿਆ।ਇਸ ਸੁਸਾਇਟੀ ਦਾ ਮੁੱਖ ਮਕਸਦ ਨਵੀਂ ਪੀੜ੍ਹੀ ਦੇ ਫੁੱਟਬਾਲ ਖਿਲਾੜੀਆਂ ਨੂੰ ਨਸ਼ਿਆਂ ਤੇ ਸਮਾਜ 'ਚ ਫੈਲੀਆਂ ਹੋਰ ਭੈੜੀਆਂ ਅਲਾਮਤਾਂ ਤੋਂ ਬਚਾਉਣ ਤੇ ਰਾਸ਼ਟਰੀ ਅੰਤਰ ਰਾਸ਼ਟਰੀ ਪੱਧਰ ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾਂ ਖੱਟਣ ਦੇ ਯੋਗ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾਂ ਮਿੱਥਿਆ ਗਿਆ।ਅੱਜ ਦੀ ਇਸ ਮੀਟਿੰਗ ਵਿੱਚ ਵਿਦੇਸਾਂ ਤੋਂ ਵੀ ਪੰਜਾਬ ਦੇ ਖੇਡਾਂ ਦੇ ਖੇਤਰ 'ਚ ਆਏ ਨਿਘਰ ਤੇ ਸਮਾਜ ਚ ਆਈਆਂ ਗਿਰਾਵਟਾਂ ਨੂੰ ਲੈ ਕੇ ਚਿੰਤਤ ਤੇ ਸੁਧਾਰ ਕਰਨ ਲਈ ਯਤਨਸ਼ੀਲ ਮਿਹਨਤੀ ਦਾਨੀ ਸਤਿਕਾਰਤ ਸੱਜਣਾਂ ਨੇ ਫੋਨ ਦੇ ਜ਼ਰੀਏ ਆਪਣੇਂ ਸੁਝਾਅ ਦਿੰਦਿਆਂ ਤਨ ਮਨ ਧਨ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਕੋਚ ਬੰਧਨਾਂ ਸਿੰਘ ਹੱਲੂਵਾਲ ਨੂੰ ਸੁਸਾਇਟੀ ਦਾ ਪ੍ਰਧਾਨ, ਯਸ਼ਪਾਲ ਜੱਸੀ ਮਾਹਿਲਪੁਰ ਨੂੰ ਸੀਨੀਅਰ ਉਪ ਪ੍ਰਧਾਨ,ਗੁਰਦਿਆਲ ਸਿੰਘ ਬੈਂਸ ਨੂੰ ਉਪ ਪ੍ਰਧਾਨ,ਨਰਿੰਦਰ ਸਿੰਘ ਜਿਆਣ ਤੇ ਦਲਜੀਤ ਸਿੰਘ ਬਿੱਟੂ ਨੂੰ ਸੁਸਾਇਟੀ ਦੇ ਕੰਮਕਾਜ ਨੂੰ ਸਹੀ ਢੰਗ ਨਾਲ ਲਗਾਤਾਰ ਚਲਾਉਣ ਲਈ ਵਿੱਤ ਨਾਲ ਸਬੰਧਿਤ ਜ਼ਿੰਮੇਵਾਰੀ ਸੌਂਪੀ ਗਈ।ਇਸ ਤੋਂ ਇਲਾਵਾ ਪ੍ਰਵਾਸੀ ਭਰਾਵਾਂ ਤੇ ਹੋਰ ਅਹੁਦੇਦਾਰਾਂ ਦੀ ਨਿਯੁਕਤੀ ਦੇ ਅਧਿਕਾਰ ਇਨ੍ਹਾਂ ਅਹੁਦੇਦਾਰਾਂ ਤੇ ਸੁਸਾਇਟੀ ਦੇ ਸਤਿਕਾਰਤ ਦੋਵੇਂ ਸਰਪ੍ਰਸਤਾਂ ਸਮੇਤ ਦਰਸ਼ਨ ਸਿੰਘ ਮਜਾਰਾ ਡੀਂਗਰੀਆਂ,ਤਕਦੀਰ ਸਿੰਘ ਭਾਰਟਾ,ਸੰਦੀਪ ਸੈਣੀ,ਐਸ ਪੀ ਪਰਮਜੀਤ ਸਿੰਘ ਸਰਹਾਲਾਂ ਕਲਾਂ,ਮਦਨ ਲਾਲ ਖੈਰੜ ਨੂੰ ਸੌਂਪੇ ਗਏ।ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਸਿਲਸਲੇਵਾਰ ਫੁੱਟਬਾਲ ਨਾਲ ਜੁੜੇ ਪਿੰਡਾਂ ਵਿੱਚ ਕਰਾਉਣ ਤੇ ਉਥੋਂ ਦੀ ਨਵੀਂ ਪੀੜ੍ਹੀ ਦੇ ਖਿਲਾੜੀਆਂ ਨੂੰ ਉਤਾਸਾਹਿਤ ਕਰਨ ਲਈ ਪੁਰਾਣੇ ਨਾਮੀ ਫੁੱਟਬਾਲਰਾਂ ਨਾਲ ਮਿਲਾਉਣ ਤੇ ਉਨ੍ਹਾਂ ਦੇ ਤਜ਼ਰਬਿਆਂ ਤੋਂ ਜਾਣੂ ਕਰਵਾਉਣ ਲਈ ਹਰੇਕ ਮਹੀਨੇ ਦੇ ਆਖਰੀ ਐਤਵਾਰ ਸ਼ਾਮ ਨੂੰ ਮੀਟਿੰਗ ਕਰਨ ਦਾ ਫੈਸਲਾ ਵੀ ਸਰਬਸੰਮਤੀ ਨਾਲ ਲਿਆ ਗਿਆ।ਸੁਸਾਇਟੀ ਦੀ ਮੀਟਿੰਗ 'ਚ ਪਹੁੰਚੇ ਸਾਰੇ ਸੱਜਣਾਂ ਨੇ ਦੇਸ਼ ਵਿਦੇਸ਼ ਵਸਦੇ ਇਲਾਕਾ ਨਿਵਾਸੀਆਂ ਨੂੰ ਆਪਣੇ ਵਡਮੁੱਲੇ ਸੁਝਾਅ ਦੇਣ ਤੇ ਸੁਸਾਇਟੀ ਨੂੰ ਕਾਮਯਾਬ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।ਮੈਂਬਰਾਂ ਦੀ ਸਲਾਹ ਨਾਲ ਸੁਸਾਇਟੀ ਦੀ ਹੰਗਾਮੀ ਮੀਟਿੰਗ ਕਿਸੇ ਮੌਕੇ ਵੀ ਬੁਲਾਈ ਜਾ ਸਕਦੀ ਹੈ ਤੇ ਦਰਪੇਸ਼ ਮਸਲੇ ਦੇ ਹੱਲ ਲਈ ਵਿਚਾਰਾਂ ਤੇ ਯਤਨ ਕੀਤੇ ਜਾਣਗੇ। ਇਸ ਮੌਕੇ ਤੇ ਜਗਰਾਜ ਸਿੰਘ ਖੈਰੜ,ਗੁਰਮਿੰਦਰ ਸਿੰਘ ਬੀੜਾਂ,ਸਤਪ੍ਰਕਾਸ਼ ਕੈਨੇਡੀਅਨ,ਵੇਦ ਪ੍ਰਕਾਸ਼ ਸਾਰੰਗਵਾਲ,ਹਰਿੰਦਰ ਸਿੰਘ ਖਾਬੜਾ,ਗੁਰਤੇਜ ਸਿੰਘ ਸਾਬੀ ਮਰੂਲਾ,ਜਸਵੀਰ ਸਿੰਘ ਕੈਂਡੋਵਾਲ,ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ,ਪਰਮਿੰਦਰ ਸਿੰਘ ਭਾਰਟਾ,ਪਰਵੀਨ ਕੁਮਾਰ ਚਾਣਥੂ ਬ੍ਰਾਹਮਣਾਂ,ਸਰਬਜੀਤ ਸਿੰਘ ਚੰਦੇਲੀ,ਬਲਵੀਰ ਸਿੰਘ ਮਾਹਿਲਪੁਰ,ਸੁਖਦੇਵ ਸਿੰਘ ਸੰਘਾ ਲੰਗੇਰੀ,ਤਰਸੇਮ ਭਾਜੀ ਮਾਹਿਲਪੁਰ, ਮਨਜਿੰਦਰ ਸਿੰਘ ਮਾਹਿਲਪੁਰ,ਦਲਜੀਤ ਸਿੰਘ ਬਘੌਰਾ ਸਮੇਤ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਨਾਮੀ ਫੁੱਟਬਾਲ ਖਿਲਾੜੀਆਂ ਤੇ ਖੇਡ ਪ੍ਰੇਮੀਆਂ ਨੇ ਹਿੱਸਾ ਲਿਆ।
Comments
Post a Comment