****ਮਾਤਾ ਗੁਜਰੀ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਨਤਮਸਤਕ****ਨੌਜਵਾਨ ਪੀੜ੍ਹੀ ਨੂੰ ਸਿੱਖੀ ਤੇ ਸੇਵਾ ਨਾਲ ਜੋੜਨ ਲਈ ਐਸ.ਜੀ.ਪੀ.ਸੀ. ਦਾ ਸ਼ਲਾਘਾਯੋਗ ਉਪਰਾਲਾ/ਡਾ. ਬਿਕਰਮਜੀਤ ਸਿੰਘ



ਫ਼ਤਿਹਗੜ੍ਹ ਸਾਹਿਬ/ਦਲਜੀਤ ਅਜਨੋਹਾ 

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ, ਇਤਿਹਾਸ ਅਤੇ ਸੇਵਾ ਭਾਵਨਾ ਨਾਲ ਜੋੜਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੇਹੱਦ ਸ਼ਲਾਘਾਯੋਗ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇੱਕ-ਇੱਕ ਦਿਨ ਦੀ ਸੇਵਾ ਲਈ ਬੁਲਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਮਾਤਾ ਗੁਜਰੀ ਕਾਲਜ ਦੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ, ਜਿੱਥੇ ਉਨ੍ਹਾਂ ਵੱਲੋਂ ਦੇਸ਼-ਵਿਦੇਸ਼ ਤੋਂ ਰੋਜ਼ਾਨਾ ਆਉਣ ਵਾਲੀਆਂ ਸੰਗਤਾਂ ਨੂੰ ਸੌਖੇ ਢੰਗ ਨਾਲ ਮੱਥਾ ਟੇਕਣ ਲਈ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਗਿਆ ਅਤੇ ਠੰਢਾ ਜਲ ਛਕਾਉਣ ਦੀ ਸੇਵਾ ਵੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਬਜ਼ੁਰਗਾਂ ਨੂੰ ਆਰਾਮ ਨਾਲ ਬਿਠਾਉਣ, ਸੰਗਤਾਂ ਨੂੰ ਗੁਰੂ ਘਰ ਦੀ ਮਰਿਆਦਾ ਅਨੁਸਾਰ ਅਨੁਸ਼ਾਸਨ ਬਣਾਈ ਰੱਖਣ ਅਤੇ ਇਲਾਹੀ ਕੀਰਤਨ ਸਰਵਣ ਕਰਨ ਲਈ ਪ੍ਰੇਰਿਤ ਕਰਨ ਦੀ ਸੇਵਾ ਵੀ ਨਿਭਾਈ ਗਈ। 
ਵਰਣਨਯੋਗ ਹੈ ਕਿ ਕਾਲਜ ਦੇ ਐਨ.ਐਸ.ਐਸ. ਯੂਨਿਟ, ਐਨ.ਸੀ.ਸੀ. ਯੂਨਿਟ ਅਤੇ ਮਾਤਾ ਗੁਜਰੀ ਸਟੱਡੀ ਸਰਕਲ ਦੇ ਲਗਭਗ 100 ਵਿਦਿਆਰਥੀਆਂ ਅਤੇ 10 ਸਟਾਫ਼ ਮੈਂਬਰਾਂ ਨੇ ਨਿਮਰਤਾ ਅਤੇ ਸੇਵਾ-ਭਾਵਨਾ ਸਹਿਤ ਇਨ੍ਹਾਂ ਸੇਵਾ ਕਾਰਜਾਂ ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਦੇ ਸਮੇਂ ਨੂੰ ਸਾਰਥਕ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀਆਂ ਧਾਰਮਿਕ ਜੜ੍ਹਾਂ, ਸਿੱਖੀ ਅਤੇ ਗੁਰਮਤਿ ਮੁੱਲਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਕਾਲਜ ਪ੍ਰਿੰਸੀਪਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਸਕੱਤਰ ਇੰਜੀ. ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਇਸ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੇਵਾ-ਆਧਾਰਿਤ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ, ਕਿਉਂਕਿ ਅਜੋਕੇ ਸਮੇਂ ਵਿੱਚ ਜਦੋਂ ਛੁੱਟੀਆਂ ਦੌਰਾਨ ਬਹੁਤ ਸਾਰੇ ਵਿਦਿਆਰਥੀ ਸੈਰ-ਸਪਾਟੇ ਜਾਂ ਮਨੋਰੰਜਨ ਵੱਲ ਰੁਝਾਨ ਰੱਖਦੇ ਹਨ, ਉਸ ਵੇਲੇ ਗੁਰੂ ਘਰ ਨਾਲ ਜੋੜਨ ਵਾਲੀ ਇਹ ਵਿਲੱਖਣ ਪਹਿਲ ਉਨ੍ਹਾਂ ਅੰਦਰ ਸੇਵਾ, ਸਿਮਰਨ ਅਤੇ ਗੁਰਸਿੱਖੀ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕਰਦੀ ਹੈ। ਵਿਦਿਆਰਥੀਆਂ ਅਤੇ ਕਾਲਜ ਦੇ ਸਟਾਫ਼ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੁੱਚੇ ਪ੍ਰਬੰਧਨ ਅਤੇ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਅਧਿਕਾਰੀਆਂ ਦਾ ਇਸ ਧਾਰਮਿਕ ਸੇਵਾ ਦੌਰਾਨ ਸਹਿਯੋਗ ਅਤੇ ਅਗਵਾਈ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।
ਇਸ ਮੌਕੇ ਵਿਦਿਆਰਥੀਆਂ ਨਾਲ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਬੀਰਿੰਦਰ ਸਿੰਘ ਸਰਾਓ, ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ, ਡਾ. ਜੁਝਾਰ ਸਿੰਘ, ਐਨ.ਸੀ.ਸੀ. ਅਫ਼ਸਰ ਲੈਫਟੀਨੈਂਟ ਡਾ. ਪੁਸ਼ਪਿੰਦਰ ਸਿੰਘ, ਪ੍ਰੋ. ਹਰਦੀਪ ਕੌਰ, ਪ੍ਰੋ. ਮਾਨਸੀ ਸਿੰਗਲਾ, ਸ੍ਰੀਮਤੀ ਬਲਜੀਤ ਕੌਰ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਭਿੰਦਰ ਸਿੰਘ ਵੀ ਹਾਜ਼ਰ ਸਨ।

Comments