ਮੈਕਸੀਕੋ ਸਿਟੀ ਵਿੱਚ ਚਮਕਿਆ ਹੋਸ਼ਿਆਰਪੁਰ ਦਾ ਸਿਤਾਰਾ, 17 ਸਾਲਾ ਫੁੱਟਬਾਲ ਖਿਡਾਰੀ ਆਕਾਸ਼ ਨੇ ਪੰਜਾਬ ਅਤੇ ਭਾਰਤ ਦਾ ਨਾਮ ਕੀਤਾ ਰੌਸ਼ਨ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਵਿਦੇਸ਼ ਦੀ ਧਰਤੀ 'ਤੇ ਆਪਣੇ ਪਿੰਡ, ਬਲਾਕ, ਜ਼ਿਲ੍ਹਾ, ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ 17 ਸਾਲਾ ਫੁੱਟਬਾਲ ਖਿਡਾਰੀ ਆਕਾਸ਼ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ। ਆਕਾਸ਼ ਨੇ ਸਟ੍ਰੀਟ ਚਾਈਲਡ ਵਰਲਡ ਕੱਪ 2026, ਮੈਕਸੀਕੋ ਸਿਟੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ YFC ਟੀਮ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਗੋਲਕੀਪਰ ਵਜੋਂ ਖੇਡਦੇ ਹੋਏ ਆਕਾਸ਼ ਅਤੇ ਉਸ ਦੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਇੱਕ ਵੀ ਮੈਚ ਨਹੀਂ ਹਾਰਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਟੀਮ ਉਪ-ਵਿਜੇਤਾ ਰਹੀ, ਪਰ ਉਸ ਦੇ ਪ੍ਰਦਰਸ਼ਨ ਨੇ ਸਭ ਦਾ ਦਿਲ ਜਿੱਤ ਲਿਆ।
ਆਪਣੇ ਪਿੰਡ ਪੰਜੌੜ (ਜ਼ਿਲ੍ਹਾ ਹੋਸ਼ਿਆਰਪੁਰ) ਵਾਪਸੀ 'ਤੇ ਆਕਾਸ਼ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪੂਰੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਲੱਡੂ ਵੰਡੇ ਗਏ ਅਤੇ ਲੋਕਾਂ ਨੇ ਇਸ ਉਪਲਬਧੀ 'ਤੇ ਮਾਣ ਪ੍ਰਗਟਾਇਆ। ਪਿੰਡ ਵਾਸੀਆਂ ਅਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੇ ਆਕਾਸ਼ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਵਿਸ਼ੇਸ਼ ਗੱਲਬਾਤ ਦੌਰਾਨ ਆਕਾਸ਼ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਦਿਵੰਗਤ ਕੋਚ ਸਵਰਗੀ ਜੱਸੀ ਪ੍ਰਮੁੱਖ ਨੂੰ ਆਪਣੀ ਇਸ ਕਾਮਯਾਬੀ ਦਾ ਸਭ ਤੋਂ ਵੱਡਾ ਕਾਰਨ ਦੱਸਿਆ। ਆਕਾਸ਼ ਨੇ ਕਿਹਾ ਕਿ ਫੁੱਟਬਾਲ ਨੂੰ ਸਮਝਣ, ਖੇਡਣ ਅਤੇ ਮੈਦਾਨ ਵਿੱਚ ਨਿਖਾਰ ਲਿਆਉਣ ਦੀ ਹਰ ਸਿੱਖਿਆ ਉਨ੍ਹਾਂ ਨੂੰ ਸਵ. ਜੱਸੀ ਪ੍ਰਮੁੱਖ ਤੋਂ ਹੀ ਮਿਲੀ ਸੀ।
ਉਨ੍ਹਾਂ ਭਾਵੁਕ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਚ ਨੇ ਹੀ ਉਨ੍ਹਾਂ ਨੂੰ ਫੁੱਟਬਾਲ ਦੀਆਂ ਬਾਰੀਕੀਆਂ ਸਿਖਾਈਆਂ ਅਤੇ ਅੱਜ ਜੋ ਵੀ ਮਕਾਮ ਉਨ੍ਹਾਂ ਨੇ ਹਾਸਲ ਕੀਤਾ ਹੈ, ਉਸ ਵਿੱਚ ਕੋਚ ਦਾ ਸਭ ਤੋਂ ਵੱਡਾ ਯੋਗਦਾਨ ਹੈ।
ਆਕਾਸ਼ ਨੇ ਇਸ ਮੌਕੇ ਆਪਣੇ ਪਿੰਡ ਦੇ ਸਾਰੇ ਧਾਰਮਿਕ ਅਸਥਾਨਾਂ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾ ਉੱਥੋਂ ਅਸੀਸਾਂ ਅਤੇ ਹੌਸਲਾ ਮਿਲਦਾ ਰਿਹਾ ਹੈ।
17 ਸਾਲ ਦੀ ਛੋਟੀ ਉਮਰ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਖ਼ਿਲਾਫ਼ ਖੇਡ ਕੇ ਆਕਾਸ਼ ਨੇ ਨਾ ਸਿਰਫ਼ ਆਪਣੇ ਪਿੰਡ ਅਤੇ ਜ਼ਿਲ੍ਹੇ ਦਾ, ਸਗੋਂ ਪੂਰੇ ਪੰਜਾਬ ਅਤੇ ਭਾਰਤ ਦਾ ਨਾਮ ਵੀ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਇਹ ਉਪਲਬਧੀ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ।
Comments
Post a Comment