ਹੁਸ਼ਿਆਰਪੁਰ/ਦਲਜੀਤ ਅਜਨੋਹਾ
ਭਾਰਤ ਵਿਕਾਸ ਪਰਿਸ਼ਦ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜਸੇਵੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸੀਨੀਅਰ ਸਿਟੀਜ਼ਨਾਂ ਅਤੇ ਦਿਵਿਆਂਗ ਜਨਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਆ ਰਹੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਜੀਵ ਅਰੋੜਾ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਦੇਸ਼ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਜਨਾਂ ਦਾ ਸਤਿਕਾਰ ਕਰਨਾ ਸਿਰਫ਼ ਸਾਡੀ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਸਾਡਾ ਨੈਤਿਕ ਫ਼ਰਜ਼ ਵੀ ਹੈ। ਜਿਨ੍ਹਾਂ ਲੋਕਾਂ ਨੇ ਆਪਣੀ ਪੂਰੀ ਉਮਰ ਸਮਾਜ ਅਤੇ ਦੇਸ਼ ਦੀ ਸੇਵਾ ਵਿੱਚ ਬਿਤਾਈ, ਅੱਜ ਉਹਨਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਬਜ਼ੁਰਗਾਂ ਅਤੇ ਦਿਵਿਆਂਗ ਜਨਾਂ ਨੂੰ ਲੰਬੀਆਂ ਕਤਾਰਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਘੰਟਿਆਂ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇੱਕ ਕਾਊਂਟਰ ਤੋਂ ਦੂਜੇ ਕਾਊਂਟਰ ਭੇਜਿਆ ਜਾਂਦਾ ਹੈ। ਦਸਤਾਵੇਜ਼ਾਂ ਦੇ ਨਾਂ ’ਤੇ ਵਾਰ-ਵਾਰ ਚੱਕਰ ਲਗਵਾਏ ਜਾਂਦੇ ਹਨ ਅਤੇ ਅਧਿਕਾਰੀਆਂ ਨਾਲ ਮਿਲਣ ਲਈ ਵੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੇ ਹਾਲਾਤਾਂ ਵਿੱਚ ਆਮ ਵਿਅਕਤੀ ਵੀ ਪਰੇਸ਼ਾਨ ਹੋ ਜਾਂਦਾ ਹੈ, ਤਾਂ ਬਜ਼ੁਰਗਾਂ ਅਤੇ ਦਿਵਿਆਂਗ ਜਨਾਂ ਦੀ ਸਥਿਤੀ ਦਾ ਅਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਸੰਜੀਵ ਅਰੋੜਾ ਨੇ ਕਿਹਾ ਕਿ ਕਈ ਸੀਨੀਅਰ ਸਿਟੀਜ਼ਨ ਅਜਿਹੇ ਹੁੰਦੇ ਹਨ ਜੋ ਤੁਰਨ-ਫਿਰਨ ਵਿੱਚ ਅਸਮਰਥ ਹੁੰਦੇ ਹਨ ਅਤੇ ਉਨ੍ਹਾਂ ਨੂੰ ਗੋਡੇ, ਕਮਰ ਜਾਂ ਸਾਹ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਹਨ। ਦਿਵਿਆਂਗ ਵਿਅਕਤੀਆਂ ਨੂੰ ਵੀ ਦਫ਼ਤਰ ਤੱਕ ਪਹੁੰਚਣ, ਸੀੜ੍ਹੀਆਂ ਚੜ੍ਹਣ ਅਤੇ ਲਾਈਨਾਂ ਵਿੱਚ ਖੜ੍ਹਾ ਰਹਿਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਇਸ ਦੇ ਬਾਵਜੂਦ ਕਈ ਦਫ਼ਤਰਾਂ ਵਿੱਚ ਉਨ੍ਹਾਂ ਲਈ ਕੋਈ ਵਿਸ਼ੇਸ਼ ਸੁਵਿਧਾ ਉਪਲਬਧ ਨਹੀਂ ਹੈ, ਜੋ ਬਹੁਤ ਦੁਖਦਾਈ ਗੱਲ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਸਰਕਾਰੀ ਦਫ਼ਤਰਾਂ, ਤਹਿਸੀਲਾਂ, ਨਗਰ ਨਿਗਮਾਂ, ਬਿਜਲੀ ਬੋਰਡਾਂ, ਜਲ ਵਿਭਾਗਾਂ, ਬੈਂਕਾਂ, ਪੈਨਸ਼ਨ ਦਫ਼ਤਰਾਂ ਅਤੇ ਹੋਰ ਜਨਤਕ ਸੰਸਥਾਵਾਂ ਵਿੱਚ ਸੀਨੀਅਰ ਸਿਟੀਜ਼ਨਾਂ ਅਤੇ ਦਿਵਿਆਂਗ ਜਨਾਂ ਲਈ ਵੱਖਰੇ ਪ੍ਰਾਥਮਿਕਤਾ ਕਾਊਂਟਰ ਬਣਾਏ ਜਾਣ। ਉਨ੍ਹਾਂ ਲਈ ਵੱਖਰੀਆਂ ਲਾਈਨਾਂ ਦੀ ਵਿਵਸਥਾ ਹੋਵੇ ਤਾਂ ਜੋ ਉਨ੍ਹਾਂ ਨੂੰ ਘੰਟਿਆਂ ਉਡੀਕ ਨਾ ਕਰਨੀ ਪਵੇ ਅਤੇ ਉਨ੍ਹਾਂ ਦੇ ਕੰਮ ਜਲਦੀ ਨਿਪਟ ਸਕਣ। ਉਨ੍ਹਾਂ ਕਿਹਾ ਕਿ ਕਈ ਦਫ਼ਤਰਾਂ ਵਿੱਚ ਵੱਖਰੀ ਲਾਈਨ ਦੀ ਸੁਵਿਧਾ ਤਾਂ ਹੈ ਪਰ ਉਸ ’ਤੇ ਅਮਲ ਨਹੀਂ ਕੀਤਾ ਜਾਂਦਾ।ਇਸ ਦੇ ਨਾਲ ਹੀ ਦਫ਼ਤਰਾਂ ਵਿੱਚ ਬੈਠਣ ਲਈ ਢੰਗ ਦੀ ਵਿਵਸਥਾ, ਛਾਂ, ਪੱਖੇ ਅਤੇ ਪੀਣ ਵਾਲੇ ਪਾਣੀ ਵਰਗੀਆਂ ਮੂਲਭੂਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਜਿੱਥੇ ਵੱਧ ਭੀੜ ਹੁੰਦੀ ਹੈ, ਉੱਥੇ ਵ੍ਹੀਲਚੇਅਰ ਅਤੇ ਸਹਾਇਕ ਕਰਮਚਾਰੀਆਂ ਦੀ ਵਿਵਸਥਾ ਵੀ ਹੋਣੀ ਚਾਹੀਦੀ ਹੈ।
ਵਿਜੇ ਅਰੋੜਾ ਅਤੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਦੱਤਾ ਨੇ ਕਿਹਾ ਕਿ ਦਫ਼ਤਰਾਂ ਵਿੱਚ ਤਾਇਨਾਤ ਕਰਮਚਾਰੀਆਂ ਅਤੇ ਸੇਵਾਦਾਰਾਂ ਨੂੰ ਵੀ ਸੰਵੇਦਨਸ਼ੀਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਸਮਝਾਇਆ ਜਾਵੇ ਕਿ ਜੋ ਵਿਅਕਤੀ ਮੁਸ਼ਕਲ ਨਾਲ ਦਫ਼ਤਰ ਤੱਕ ਪਹੁੰਚਿਆ ਹੈ, ਉਸ ਦੀ ਮਦਦ ਕਰਨਾ ਉਨ੍ਹਾਂ ਦਾ ਫ਼ਰਜ਼ ਹੈ।
ਪ੍ਰਿੰਸੀਪਲ ਡੀ. ਕੇ. ਸ਼ਰਮਾ ਅਤੇ ਮਦਨ ਲਾਲ ਮਹਾਜਨ ਨੇ ਕਿਹਾ ਕਿ ਸਰਕਾਰ ਨੂੰ ਇੱਕ ਸ਼ਿਕਾਇਤ ਪ੍ਰਣਾਲੀ ਵੀ ਸ਼ੁਰੂ ਕਰਨੀ ਚਾਹੀਦੀ ਹੈ, ਜਿੱਥੇ ਜੇ ਕਿਸੇ ਸੀਨੀਅਰ ਸਿਟੀਜ਼ਨ ਜਾਂ ਦਿਵਿਆਂਗ ਜਨ ਨਾਲ ਦਫ਼ਤਰ ਵਿੱਚ ਬਦਸਲੂਕੀ ਕੀਤੀ ਜਾਂਦੀ ਹੈ ਜਾਂ ਬਿਨਾਂ ਕਾਰਨ ਦੇਰੀ ਕੀਤੀ ਜਾਂਦੀ ਹੈ, ਤਾਂ ਸੰਬੰਧਤ ਅਧਿਕਾਰੀ ਜਾਂ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ।
ਸਕੱਤਰ ਰਜਿੰਦਰ ਮੋਦਗਿਲ ਅਤੇ ਤਰਸੇਮ ਮੋਦਗਿਲ ਨੇ ਕਿਹਾ ਕਿ ਸਾਡੀ ਸਭਿਆਚਾਰ ਅਤੇ ਸੰਸਕਾਰ ਇਸ ਗੱਲ ਨਾਲ ਪਹਿਚਾਣੇ ਜਾਂਦੇ ਹਨ ਕਿ ਅਸੀਂ ਆਪਣੇ ਬਜ਼ੁਰਗਾਂ, ਕਮਜ਼ੋਰ ਅਤੇ ਲੋੜਵੰਦ ਲੋਕਾਂ ਨਾਲ ਕਿਵੇਂ ਵਤੀਰਾ ਕਰਦੇ ਹਾਂ। ਜੇਕਰ ਕਿਸੇ ਦੇਸ਼ ਨੂੰ ਅੱਗੇ ਵਧਣਾ ਹੈ ਤਾਂ ਉਸ ਨੂੰ ਆਪਣੇ ਸੀਨੀਅਰ ਸਿਟੀਜ਼ਨਾਂ ਅਤੇ ਦਿਵਿਆਂਗ ਜਨਾਂ ਨੂੰ ਸਤਿਕਾਰ, ਸੁਰੱਖਿਆ ਅਤੇ ਸੁਵਿਧਾਵਾਂ ਦੇਣੀਆਂ ਹੀ ਪੈਣਗੀਆਂ।ਇਸ ਮੌਕੇ ਵਿਜੇ ਅਰੋੜਾ, ਰਜਿੰਦਰ ਮੋਦਗਿਲ, ਮਦਨ ਲਾਲ ਮਹਾਜਨ, ਅਸ਼ਵਨੀ ਕੁਮਾਰ ਦੱਤਾ, ਪ੍ਰਿੰ. ਡੀ. ਕੇ. ਸ਼ਰਮਾ, ਐਨ. ਕੇ. ਗੁਪਤਾ, ਤਰਸੇਮ ਮੋਦਗਿਲ, ਵਰਿੰਦਰਜੀਤ ਸਿੰਘ, ਵਿਨੋਦ ਪਸਾਨ, ਰਵਿੰਦਰ ਭਾਟੀਆ ਅਤੇ ਹੋਰ ਹਾਜ਼ਰ ਸਨ।
Comments
Post a Comment