ਹਿਊਮਨ ਰਾਇਟਸ ਕਮਿਸ਼ਨ ਵੱਲੋਂ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਦਵਾਈਆਂ ਭੇਂਟਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਪੁੰਨ : ਡਾ. ਮਨਦੀਪ ਕਮਲ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਸਿਹਤ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਥੈਲੇਸੀਮੀਆ ਪੀੜਤ ਬੱਚਿਆਂ ਲਈ ਵਿਸ਼ੇਸ਼ ਸਹਾਇਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਟੇਟ ਐਂਡ ਚੰਡੀਗੜ੍ਹ (ਯੂ.ਟੀ.) ਹਿਊਮਨ ਰਾਈਟਸ ਕਮਿਸ਼ਨ ਦੇ ਨੁਮਾਇੰਦਿਆਂ ਸ. ਵਰਿੰਦਰ ਪਾਲ ਸਿੰਘ ਮਾਨ, ਜੇ.ਪੀ. ਚੀਮਾ, ਵਿਨੋਦ ਓਹਰੀ, ਰਾਜੀਵ ਬਜਾਜ, ਬਲਜਿੰਦਰ ਸਿੰਘ, ਮਨੀ ਗੋਗੀਆ ਅਤੇ ਪਰਸ਼ੋਤਮ ਦੜੋਜ਼ ਵੱਲੋਂ ਭਾਗ ਲਿਆ ਗਿਆ ਅਤੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਜ਼ਰੂਰੀ ਦਵਾਈਆਂ ਦੀਆਂ ਕਿੱਟਾਂ ਭੇਂਟ ਕੀਤੀਆਂ ਗਈਆਂ।

ਇਸ ਦੌਰਾਨ ਸ. ਵਰਿੰਦਰ ਪਾਲ ਸਿੰਘ ਮਾਨ ਵੱਲੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਹਸਪਤਾਲ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ, ਸਫਾਈ ਪ੍ਰਬੰਧਾਂ ਅਤੇ ਇਲਾਜ ਸਹੂਲਤਾਂ ਦਾ ਜਾਇਜ਼ਾ ਲਿਆ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਧੀਆ ਕੰਮ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਨਿਰੰਤਰ ਇਲਾਜ ਅਤੇ ਸਮਾਜਿਕ ਸਹਿਯੋਗ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਹੈ ਅਤੇ ਹਰ ਵਿਅਕਤੀ ਨੂੰ ਅਜਿਹੇ ਬੱਚਿਆਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਵਿਆਹ ਤੋਂ ਪਹਿਲਾਂ ਥੈਲੇਸੀਮੀਆ ਟੈਸਟ ਕਰਵਾਉਣ ਅਤੇ ਨਿਯਮਿਤ ਰੂਪ ਵਿੱਚ ਖੂਨਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਥੈਲੇਸੀਮੀਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਲਗਾਤਾਰ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਥੈਲੇਸੀਮੀਆ ਪੀੜਤ ਬੱਚੇ ਵੀ ਆਮ ਜੀਵਨ ਜੀ ਸਕਦੇ ਹਨ। ਡਾ. ਸੀਮਾ ਨੇ ਦੱਸਿਆ ਕਿ ਥੈਲੇਸੀਮੀਆ ਦੇ ਇਲਾਜ ਵਿੱਚ ਸਭ ਤੋਂ ਮਹਿੰਗੀਆਂ ਦਵਾਈਆਂ ਆਮ ਤੌਰ ‘ਤੇ Iron Chelation Therapy ਵਾਲੀਆਂ ਹੁੰਦੀਆਂ ਹਨ। ਇਹ ਦਵਾਈਆਂ ਇਸ ਲਈ ਦਿੱਤੀਆਂ ਜਾਂਦੀਆਂ ਹਨ ਕਿਉਂਕਿ ਵਾਰ-ਵਾਰ ਖੂਨ ਚੜ੍ਹਾਉਣ ਨਾਲ ਸਰੀਰ ਵਿੱਚ ਆਇਰਨ ਵੱਧ ਜਾਂਦਾ ਹੈ, ਜੋ ਦਿਲ, ਜਿਗਰ ਅਤੇ ਹੋਰ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਉਨ੍ਹਾਂ ਇਸ ਉਪਰਾਲੇ ਲਈ ਹਿਊਮਨ ਰਾਈਟਸ ਕਮਿਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਲੋੜਵੰਦ ਬੱਚਿਆਂ ਨੂੰ ਵੱਡੀ ਮਦਦ ਮਿਲਦੀ ਹੈ ਅਤੇ ਸਮਾਜ ਵਿੱਚ ਮਨੁੱਖਤਾ ਦੀ ਭਾਵਨਾ ਮਜ਼ਬੂਤ ਹੁੰਦੀ ਹੈ।
ਮਨੁੱਖੀ ਅਧਿਕਾਰ ਕਮਿਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਲੋੜਵੰਦ ਅਤੇ ਬਿਮਾਰ ਬੱਚਿਆਂ ਦੀ ਸਹਾਇਤਾ ਕਰਨਾ ਹਰ ਇਨਸਾਨ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਅਜਿਹੇ ਸਮਾਜਿਕ ਕਾਰਜਾਂ ਵਿੱਚ ਹਰ ਸੰਸਥਾ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਥੈਲੇਸੀਮੀਆ ਪੀੜਤ ਬੱਚਿਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਕਾਫ਼ੀ ਮਹਿੰਗੀਆਂ ਹੁੰਦੀਆਂ ਹਨ, ਅਤੇ ਹਰ ਥਾਂ ਤੇ ਉਪਲਬਧ ਨਹੀਂ ਹੁੰਦੀਆਂ ਹਨ ।ਇਸ ਲਈ ਸੰਸਥਾ ਵੱਲੋਂ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਸਮੇਂ-ਸਮੇਂ ‘ਤੇ ਦਵਾਈਆਂ ਅਤੇ ਹੋਰ ਸਿਹਤ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ।
ਇਸ ਮੌਕੇ ਤੇ ਡਾ. ਸਵਾਤੀ ਸ਼ੀਮਾਰ (ਡੀ.ਐੱਮ.ਸੀ.), ਡਾ. ਨਵਜੋਤ ਸਿੰਘ (ਐੱਸ.ਐੱਮ.ਓ.), ਡਾ. ਨੇਹਾ ਪਾਲ (ਐੱਸ.ਐੱਮ.ਓ.), ਤਰਸੇਮ ਲਾਲ ਮਾਸ ਮੀਡੀਆ ਅਫਸਰ ਅਤੇ ਰਵਿੰਦਰ ਜੱਸਲ ਡਿਪਟੀ ਮਾਸ ਮੀਡੀਆ ਅਫਸਰ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ, ਕਰਮਚਾਰੀ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ, ਮਾਪੇ ਅਤੇ ਵੱਡੀ ਗਿਣਤੀ ਵਿੱਚ ਬੱਚੇ ਹਾਜ਼ਰ ਸਨ।

Comments