ਚੱਕ ਸਮਾਣਾ, ਬਲਾਕ ਭੂੰਗਾ ਵਿਖੇ ਬੋਰਵੈੱਲ ਰੈਸਕਿਊ ਦੌਰਾਨ ਸ਼ਾਨਦਾਰ ਸਿਹਤ ਸੇਵਾਵਾਂ ਲਈ ਡਾ. ਅਭਿਤੋਜ ਨੂੰ ਕੀਤਾ ਗਿਆ ਸਨਮਾਨਿਤ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਸਿਹਤ ਵਿਭਾਗ, ਹੁਸ਼ਿਆਰਪੁਰ ਵੱਲੋਂ ਦਸੂਹਾ ਰੋਡ ਸਥਿਤ ਪਿੰਡ ਚੱਕ ਸਮਾਣਾ, ਬਲਾਕ ਭੂੰਗਾ ਵਿੱਚ ਬੋਰਵੈੱਲ ਵਿੱਚ ਡਿੱਗੇ 3 ਸਾਲਾ ਬੱਚੇ ਗੁਰਕਰਨ ਸਿੰਘ ਨੂੰ ਸਫਲ ਰੈਸਕਿਊ ਮਗਰੋਂ ਤੁਰੰਤ ਸਿਹਤ ਸੇਵਾਵਾਂ ਮੁਹੱਈਆ ਕਰਵਾ ਕੇ ਉਸਦੀ ਜਾਨ ਬਚਾਉਣ ਵਾਲੇ ਕਮਿਊਨਟੀ ਹੈਲਥ ਸੈਂਟਰ ਭੂੰਗਾ ਦੇ ਬੱਚਿਆ ਦੇ ਮਾਹਿਰ ਡਾਕਟਰ ਅਭਿਤੋਜ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਿਹਾ ਕਿ ਗੁਰਕਰਨ ਸਿੰਘ ਨੂੰ ਰੈਸਕਿਊ ਤੋਂ ਤੁਰੰਤ ਬਾਅਦ ਸਿਵਲ ਹਸਪਤਾਲ ਵਿੱਚ ਦਾਖਲ ਕਰਕੇ ਡਾਕਟਰਾਂ ਦੀ ਟੀਮ ਵੱਲੋਂ ਲਗਾਤਾਰ ਨਿਗਰਾਨੀ ਹੇਠ ਇਲਾਜ ਮੁਹੱਈਆ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਵਿੱਚ ਸਿਹਤ ਵਿਭਾਗ ਦੀ ਟੀਮ ਨੇ ਪੂਰੀ ਤਨਦੇਹੀ, ਜ਼ਿੰਮੇਵਾਰੀ ਅਤੇ ਤੇਜ਼ੀ ਨਾਲ ਕੰਮ ਕਰਦੇ ਹੋਏ ਬੱਚੇ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਡਾ. ਅਭਿਤੋਜ ਨੇ ਦੱਸਿਆ ਕਿ ਜਦੋਂ ਬੱਚਾ ਬੋਰਵੈੱਲ ਵਿੱਚ ਡਿੱਗਿਆ ਤਾਂ ਸੂਚਨਾ ਮਿਲਣ ਉਪਰੰਤ ਸੀ.ਐੱਚ.ਸੀ. ਭੂੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵੱਲੋਂ ਉਨ੍ਹਾਂ ਨੂੰ ਤੁਰੰਤ ਮੌਕੇ ‘ਤੇ ਪਹੁੰਚਣ ਲਈ ਕਿਹਾ ਗਿਆ। ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਤੁਰੰਤ ਸਥਿਤੀ ਨੂੰ ਸੰਭਾਲਿਆ ਗਿਆ ਅਤੇ ਬੱਚੇ ਨੂੰ ਜ਼ਰੂਰੀ ਮੈਡੀਕਲ ਐਮਰਜੈਂਸੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੁਦੇਸ਼ ਰਾਜਨ, ਚੀਫ਼ ਫਾਰਮਾਸਿਸਟ ਬਲਵਿੰਦਰ ਬਸਰਾ, ਫਾਰਮੇਸੀ ਅਫਸਰ ਅਜੀਤ ਸਿੰਘ,ਮਲਟੀ ਪਰਪਜ਼ ਹੈਲਥ ਵਰਕਰ ਚੰਦਰਮੋਹਨ ਅਤੇ ਡਰਾਈਵਰ ਰਵੀ ਕੁਮਾਰ ਵੀ ਹਾਜ਼ਿਰ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਸਭ ਤੋਂ ਵੱਧ ਜ਼ਰੂਰੀ ਇਹ ਸੀ ਕਿ ਬੱਚੇ ਤੱਕ ਸਮੇਂ ਸਿਰ ਅਤੇ ਨਿਰਧਾਰਿਤ ਮਾਤਰਾ ਵਿੱਚ ਆਕਸੀਜਨ ਪਹੁੰਚੇ। ਸਿਹਤ ਟੀਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਨੂੰ ਲੋੜ ਅਨੁਸਾਰ ਆਕਸੀਜਨ ਮਿਲਦੀ ਰਹੇ।
ਡਾ. ਅਭਿਤੋਜ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੱਚੇ ਤੱਕ ਓ.ਆਰ.ਐਸ. ਦਾ ਘੋਲ ਵੀ ਪਹੁੰਚਾਇਆ ਗਿਆ ਅਤੇ ਖੁਸ਼ਕਿਸਮਤੀ ਨਾਲ ਬੱਚੇ ਨੇ ਉਹ ਪੀ ਲਿਆ, ਜਿਸ ਨਾਲ ਉਸਦੀ ਸਿਹਤ ਨੂੰ ਕਾਫੀ ਲਾਭ ਮਿਲਿਆ। ਉਨ੍ਹਾਂ ਕਿਹਾ ਕਿ ਸਿਹਤ ਟੀਮ ਵੱਲੋਂ ਲਗਾਤਾਰ ਬੱਚੇ ਦੀ ਸਥਿਤੀ ‘ਤੇ ਨਿਗਰਾਨੀ ਰੱਖੀ ਗਈ ਅਤੇ ਜਿਹੜੀਆਂ ਵੀ ਮੈਡੀਕਲ ਸਹੂਲਤਾਂ ਲੋੜੀਂਦੀਆਂ ਸਨ, ਉਹ ਸਮੇਂ ਸਿਰ ਮੁਹੱਈਆ ਕਰਵਾਈਆਂ ਗਈਆਂ। ਇਸ ਦਾ ਨਤੀਜਾ ਇਹ ਰਿਹਾ ਕਿ ਬੱਚੇ ਨੂੰ ਸੁਰੱਖਿਅਤ ਅਤੇ ਸਿਹਤਮੰਦ ਹਾਲਤ ਵਿੱਚ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਗਿਆ।
ਡਾਕਟਰ ਅਭਿਤੋਜ ਦੀਆ ਉਪਰੋਕਤ ਵਧੀਆ ਸਿਹਤ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੂੰ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸਨਮਾਨਿਤ ਕੀਤਾ ਗਿਆ।
ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਡਾ. ਅਭਿਤੋਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੰਕਟ ਦੀ ਘੜੀ ਵਿੱਚ ਪੂਰੀ ਨਿਸ਼ਠਾ ਅਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ, ਜੋ ਹੋਰ ਸਿਹਤ ਕਰਮਚਾਰੀਆਂ ਲਈ ਵੀ ਪ੍ਰੇਰਣਾ ਹੈ।
ਡਾ. ਮਨਦੀਪ ਕਮਲ ਨੇ ਕਿਹਾ ਕਿ ਗੁਰਕਰਨ ਸਿੰਘ ਦਾ ਇਹ “ਦੂਜਾ ਜਨਮ” ਹੈ ਅਤੇ ਇਹ ਸਿਹਤ ਵਿਭਾਗ, ਰੈਸਕਿਊ ਟੀਮ, ਪ੍ਰਸ਼ਾਸਨ ਅਤੇ ਸਮਾਜ ਦੇ ਸਾਂਝੇ ਯਤਨਾਂ ਦੀ ਵੱਡੀ ਸਫਲਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੌਕਿਆਂ ‘ਤੇ ਸਿਹਤ ਕਰਮਚਾਰੀਆਂ ਦੀ ਸੇਵਾ ਭਾਵਨਾ ਅਤੇ ਮਨੁੱਖਤਾ ਪ੍ਰਤੀ ਸਮਰਪਣ ਸਪਸ਼ਟ ਤੌਰ ‘ਤੇ ਸਾਹਮਣੇ ਆਉਂਦਾ ਹੈ।
Comments
Post a Comment