ਭਾਸ਼ਾ ਵਿਭਾਗ ਦੇ ਰਸਾਲੇ 'ਜਨ ਸਾਹਿਤ' ਲਈ ਜੰਗ ਵਿਰੋਧੀ ਕਵਿਤਾਵਾਂ ਦੀ ਮੰਗ:


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਗਤੀਵਿਧੀਆਂ ਕਰ ਰਿਹਾ ਹੈ। ਗਤੀਵਿਧੀਆਂ ਦੀ ਇਸੇ ਲੜੀ ਤਹਿਤ ਭਾਸ਼ਾ ਵਿਭਾਗ ਵੱਲੋਂ ਕੱਢੇ ਜਾ ਰਹੇ ਚਾਰ ਰਸਾਲਿਆਂ ਵਿੱਚੋਂ ਜਨ ਸਾਹਿਤ ਰਸਾਲੇ ਦਾ ਅੰਕ 'ਅਕਤੂਬਰ ਤੋਂ ਦਸੰਬਰ 2026' 'ਜੰਗ ਵਿਰੋਧੀ ਕਵਿਤਾਵਾਂ' ਵਿਸ਼ੇਸ਼ ਅੰਕ ਕੱਢਿਆ ਜਾ ਰਿਹਾ ਹੈ। ਇਸ ਸੰਬੰਧੀ ਵਿਸਤਾਰ ਨਾਲ ਗੱਲ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੱਖ-ਵੱਖ ਦੇਸ਼ਾਂ ਵਿਚਾਲੇ ਚੱਲ ਰਹੇ ਜੰਗਾਂ-ਯੁੱਧਾਂ ਕਾਰਨ, ਵਿਸ਼ਵ ਪੱਧਰ 'ਤੇ ਹੋ ਰਹੇ ਨੁਕਸਾਨ ਤੋਂ ਨਿਜ਼ਾਤ ਪਾਉਣ ਅਤੇ ਦੁਨੀਆ ਦੇ ਭਵਿੱਖ ਨੂੰ ਸੁਰੱਖਿਅਤ, ਸੁਖਮਈ ਤੇ ਸਕੂਨ ਭਰਿਆ ਬਣਾਉਣ ਲਈ ਸੁਹਿਰਦ ਸੰਵੇਦਨਾਵਾਂ ਤੇ ਸੋਚ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਵਜੋਂ ਵਿਭਾਗ ਵੱਲੋਂ 'ਜੰਗ ਵਿਰੋਧੀ ਕਵਿਤਾਵਾਂ' ਵਿਸ਼ੇਸ਼ ਅੰਕ ਮਹੀਨਾ ਅਕਤੂਬਰ-ਦਸੰਬਰ, 2026 ਪ੍ਰਕਾਸ਼ਿਤ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸਾਹਿਤ ਆਪਣੀ ਸੰਵੇਦਨਾ ਰਾਹੀਂ ਇਹੋ ਜਿਹੇ ਮਾਹੌਲ ਨੂੰ ਸਾਵਾਂ ਬਣਾਉਣ ਲਈ ਅਤੀਤ ਵਿੱਚ ਵੀ ਭਾਗੀਦਾਰ ਰਿਹਾ ਹੈ।ਇਸ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਵੀਆਂ ਤੋਂ ਉਕਤ ਸੰਬੰਧੀ ਰਚਨਾਵਾਂ ਦੀ ਮੰਗ ਕੀਤੀ ਜਾ ਰਹੀ ਹੈ। ਰਚਨਾਵਾਂ ਵਰਡ ਫਾਇਲ ਵਿੱਚ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੀ ਈ ਮੇਲ dlo.language.hsp@gmail.com 'ਤੇ 15 ਜੂਨ,2026 ਤੋਂ ਪਹਿਲਾਂ ਮੇਲ ਜਾਂ ਦਸਤੀ ਰੂਪ ਵਿੱਚ ਪੁਜਦੀਆਂ ਕਰ ਦਿੱਤੀਆਂ ਜਾਣ। ਰਚਨਾ ਭੇਜਣ ਸਮੇਂ ਕਵੀ ਵੱਲੋਂ ਮੌਲਿਕ ਅਤੇ ਅਣ-ਪ੍ਰਕਾਸ਼ਿਤ ਰਚਨਾ ਹੋਣ ਸੰਬੰਧੀ ਤਸਦੀਕ ਕਰਨ ਦੇ ਨਾਲ਼ ਨਾਲ਼ ਲਿਖਾਰੀ ਦਾ ਪੂਰਾ ਪਤਾ ਅਤੇ ਫੋਨ ਨੰਬਰ ਵੀ ਦਰਜ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ, ਪ੍ਰਬੰਧਕੀ ਕੰਪਲੈਕਸ, ਤੀਜੀ ਮੰਜ਼ਿਲ, ਕਮਰਾ ਨੰਬਰ 308 ਨਾਲ਼ ਸੰਪਰਕ ਕੀਤਾ ਜਾ ਸਕਦਾ ਹੈ।

Comments