ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ**ਰਾਤ 10 ਵਜੇ ਤੋਂ ਬਾਅਦ ਲਾਊਡ ਡੀ.ਜੇ. 'ਤੇ ਮੁਕੰਮਲ ਰੋਕ ਲਗਾਉਣ ਅਤੇ ਫੋਟੋਗ੍ਰਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਮੰਗ

ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਹੁਸ਼ਿਆਰਪੁਰ ਫੋਟੋਗ੍ਰਾਫ਼ਰ ਐਸੋਸੀਏਸ਼ਨ ਵੱਲੋਂ ਅੱਜ ਜ਼ਿਲ੍ਹੇ ਦੇ ਫੋਟੋਗ੍ਰਾਫ਼ਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਦੇਰ ਰਾਤ ਤੱਕ ਚੱਲਣ ਵਾਲੇ ਪ੍ਰੋਗਰਾਮਾਂ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਇੱਕ ਲਿਖਤੀ ਮੰਗ-ਪੱਤਰ ਸੌਂਪਿਆ ਗਿਆ। ਇਹ ਮੰਗ-ਪੱਤਰ ਐਸੋਸੀਏਸ਼ਨ ਦੇ ਪ੍ਰਧਾਨ ਹਰਜਾਪ ਸਿੰਘ ਦੀ ਅਗਵਾਈ ਹੇਠ ਇਕੱਤਰ ਹੋਏ ਫੋਟੋਗ੍ਰਾਫ਼ਰਾਂ ਦੇ ਇੱਕ ਵਫ਼ਦ ਵੱਲੋਂ ਡੀ.ਸੀ. ਦਫ਼ਤਰ ਵਿਖੇ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਜਾਪ ਸਿੰਘ ਨੇ ਦੱਸਿਆ ਕਿ ਮਾਨਯੋਗ ਅਦਾਲਤ ਅਤੇ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਰਾਤ 10 ਵਜੇ ਤੋਂ ਬਾਅਦ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਜਾਂ ਡੀ.ਜੇ. ਚਲਾਉਣ 'ਤੇ ਪੂਰਨ ਪਾਬੰਦੀ ਹੈ। ਪਰ ਇਸ ਦੇ ਬਾਵਜੂਦ ਕਈ ਮੈਰਿਜ ਪੈਲੇਸਾਂ ਅਤੇ ਨਿੱਜੀ ਪ੍ਰੋਗਰਾਮਾਂ ਵਿੱਚ ਦੇਰ ਰਾਤ 12 ਤੋਂ 2 ਵਜੇ ਤੱਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਡੀ.ਜੇ. ਚਲਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਗੁਆਂਢੀ ਰਾਜਾਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇਸ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹੁੰਦੀ ਹੈ, ਜਦਕਿ ਪੰਜਾਬ ਵਿੱਚ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਦੇਰ ਰਾਤ ਹੋਣ ਕਾਰਨ ਵਧ ਰਹੇ ਨੇ ਹਾਦਸੇ ਅਤੇ ਲੁੱਟ-ਖੋਹ ਦੇ ਮਾਮਲੇ ਫੋਟੋਗ੍ਰਾਫ਼ਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋਗਰਾਮ ਦੇਰ ਰਾਤ ਤੱਕ ਚੱਲਣ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਪਰਤਣ ਸਮੇਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੇਰ ਰਾਤ ਸੜਕੀ ਹਾਦਸਿਆਂ (ਐਕਸੀਡੈਂਟਾਂ) ਦਾ ਖ਼ਤਰਾ ਬਹੁਤ ਜ਼ਿਆਦਾ ਵਧ ਜਾਂਦਾ ਹੈ ਅਤੇ ਅਕਸਰ ਕੀਮਤੀ ਕੈਮਰੇ ਤੇ ਸਮਾਨ ਲੁੱਟੇ ਜਾਣ ਦਾ ਡਰ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪ੍ਰੋਗਰਾਮ ਨਿਯਮਤ ਸਮੇਂ ਸਿਰ ਖ਼ਤਮ ਹੋਣਗੇ ਤਾਂ ਫੋਟੋਗ੍ਰਾਫ਼ਰ ਅਤੇ ਹੋਰ ਸਟਾਫ਼ ਸੁਰੱਖਿਅਤ ਆਪਣੇ ਘਰ ਪਹੁੰਚ ਸਕੇਗਾ। ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਗੈਰ-ਮੌਜੂਦਗੀ ਵਿੱਚ ਇਹ ਮੰਗ-ਪੱਤਰ ਉਨ੍ਹਾਂ ਦੇ ਪੀ.ਏ. (PA) ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਰਿਜ ਪੈਲੇਸ ਮਾਲਕਾਂ ਅਤੇ ਡੀ.ਜੇ. ਸੰਚਾਲਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਜੀਵ ਅਰੋੜਾ ਸੈਕਟਰੀ, ਲਾਲ ਸਿੰਘ ਚੇਅਰਮੈਨ, ਵਿਪਨ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ , ਹਰਜਿੰਦਰ ਕੁਮਾਰ, ਨਰੇਸ਼ ਕੁਮਾਰ ਸਾਬਾ , ਕਰਮਵੀਰ ਸਿੰਘ ਅਨਿਲ ਕੁਮਾਰ ਅਸ਼ਵਨੀ ਕੁਮਾਰ ਸੁਖਵਿੰਦਰ ਸਿੰਘ ਹੀਰਾ ਗੁਰਚਰਨ ਸਿੰਘ ਸ਼ਰਨਜੀਤ ਸਿੰਘ ਬਰਜਿੰਦਰਜੀਤ ਸਿੰਘ, ਗੁਰਮੇਲ ਸਿੰਘ , ਸੁਰੇਸ਼ ਅਰੋੜਾ, ਅਰਸ਼ ਕੁਮਾਰ , ਸੁਲਿੰਦਰ ਕੁਮਾਰ, ਜਸਵਿੰਦਰ ਕੁਮਾਰ, ਸੂਰਜ ਕੁਮਾਰ , ਕੁਮਾਰ ਸਾਹਿਬ , ਯੁਵਰਾਜ ਵਿਕਰਮਜੀਤ ਸਿੰਘ, ਆਦਿ ਸਮੇਤ  
ਐਸੋਸੀਏਸ਼ਨ ਦੇ ਕਈ ਹੋਰ ਪ੍ਰਮੁੱਖ ਮੈਂਬਰ ਅਤੇ ਸਥਾਨਕ ਫੋਟੋਗ੍ਰਾਫ਼ਰ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Comments