“ਵਿਸ਼ਵ ਮਲੇਰੀਆ ਦਿਵਸ” ਮੌਕੇ ਵੱਖ ਵੱਖ ਥਾਂਵਾਂ ਤੇ ਜਾਗਰੂਕਤਾ ਮੁਹਿੰਮ ਦਾ ਆਯੋਜਨ ਸਹੀ ਜਾਣਕਾਰੀ ਅਤੇ ਸਾਵਧਾਨੀਆਂ ਨਾਲ ਮਲੇਰੀਆ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ: ਡਾ.ਮਨਪ੍ਰੀਤ ਸਿੰਘ



ਹੁਸ਼ਿਆਰਪੁਰ/ਦਲਜੀਤ ਅਜਨੋਹਾ 

ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ 25 ਅਪ੍ਰੈਲ ਨੂੰ “ਵਿਸ਼ਵ ਮਲੇਰੀਆ ਦਿਵਸ” ਦੇ ਮੌਕੇ ‘ਤੇ ਸਿਹਤ ਵਿਭਾਗ ਵੱਲੋਂ ਲੋਕਾਂ ਵਿੱਚ ਮਲੇਰੀਆ ਬਾਰੇ ਜਾਗਰੂਕਤਾ ਫੈਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਵੱਖ-ਵੱਖ ਪਿੰਡਾਂ ਅਤੇ ਸਕੂਲਾਂ ਵਿੱਚ ਸਿਹਤ ਟੀਮਾਂ ਵੱਲੋਂ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਅਤੇ ਲੋਕਾਂ ਨੂੰ ਦੱਸਿਆ ਗਿਆ ਕਿ ਮਲੇਰੀਆ ਦੇ ਮੁੱਖ ਲੱਛਣ ਬੁਖਾਰ, ਕੰਬਣ, ਸਿਰ ਦਰਦ ਅਤੇ ਉਲਟੀਆਂ ਹਨ। ਜੇਕਰ ਇਹ ਲੱਛਣ ਦਿਖਾਈ ਦੇਣ, ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।

                ਇਸ ਸੰਬੰਧ ਵਿੱਚ ਵਧੇਰੇ ਜਾਣਕਾਰੀ ਦਿੰਦਿਆ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਵੇਂ ਜਿਵੇਂ ਤਾਪਮਾਨ ਵਿੱਚ ਵਾਧਾ ਹੋ ਰਿਹਾ, ਮੱਛਰਾਂ ਦੇ ਵੱਧਣ ਦਾ ਖਤਰਾ ਵੀ ਵੱਧ ਰਿਹਾ ਹੈ। ਉਨਾਂ ਕਿਹਾ ਕਿ ਮੱਛਰ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਜਿਨਾਂ ਵਿੱਚੋ ਮਲੇਰੀਆ ਇੱਕ ਹੈ। ਉਨਾਂ ਦੱਸਿਆ ਕਿ ਮਲੇਰੀਆਂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਖੜੇ ਸਾਫ ਪਾਣੀ (ਜਿਵੇਂ ਨਾਲੀਆਂ, ਛੱਪੜਾਂ, ਟੋਇਆਂ, ਛੱਤਾਂ ਤੇ ਪਏ ਟੁੱਟੇ ਬਰਤਨ,ਟਾਇਰ,ਗਮਲੇ ਆਦਿ) ਵਿੱਚ ਪੈਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ ਅਤੇ ਨਾਲ ਹੀ ਆਪਣੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

                ਮਲੇਰੀਆ ਦੇ ਲੱਛਣਾਂ ਸੰਬੰਧੀ ਉਨਾਂ ਦੱਸਿਆ ਕਿ ਆਮ ਸ਼ੁਰੂਆਤੀ ਲੱਛਣਾਂ ਵਿੱਚ ਠੰਢ ਅਤੇ ਕਾਂਬੇ ਨਾਲ ਬੁਖਾਰ, ਸਿਰ ਦਰਦ, ਬੁਖਾਰ ਉਤਰਨ ਤੋੰ ਬਾਅਦ ਥਕਾਵਟ ਤੇ ਕਮਜ਼ੋਰੀ ਅਤੇ ਸਰੀਰ ਨੂੰ ਪਸੀਨਾ ਆਉਣਾ ਸ਼ਾਮਲ ਹਨ।ਇਸ ਦੇ ਲੱਛਣ ਆਮ ਤੌਰ 'ਤੇ ਲਾਗ ਵਾਲੇ ਮੱਛਰ ਦੇ ਕੱਟਣ ਦੇ 10-15 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਂਦੇ ਹਨ। ਉਕਤ ਲੱਛਣ ਦਿਖਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਆਪਣੇ ਖੂਨ ਦੀ ਜਾਂਚ ਕਰਵਾਓ ਅਤੇ ਡਾਕਟਰ ਦੀ ਸਲਾਹ ਲਵੋ, ਆਪਣੇ ਆਪ ਕੋਈ ਵੀ ਦਵਾ ਨਾ ਲਓ।ਮਲੇਰੀਆ ਦਾ ਟੈਸਟ ਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।

ਮੱਛਰਾਂ ਤੋਂ ਬਚਣ ਲਈ ਕੱਪੜੇ ਅਜਿਹੇ ਪਾਓ ਕਿ ਸਰੀਰ ਪੂਰੀ ਤਰ੍ਹਾ ਨਾਲ ਢੱਕਿਆ ਰਹੇ। ਰਾਤ ਨੂੰ ਸੋਣ ਸਮੇਂ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦੀ ਵਰਤੋ ਕੀਤੀ ਜਾਵੇ ਅਤੇ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

                ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਲੇਰੀਆ ਵਿਰੁੱਧ ਚਲ ਰਹੀਆਂ ਮੁਹਿੰਮਾਂ ਵਿੱਚ ਸਹਿਯੋਗ ਦੇਣ ਅਤੇ ਆਪਣੇ ਆਸ-ਪਾਸ ਸਾਫ਼-ਸੁਥਰਾ ਮਾਹੌਲ ਬਣਾਈ ਰੱਖਣ। ਸਹੀ ਜਾਣਕਾਰੀ ਅਤੇ ਸਾਵਧਾਨੀਆਂ ਨਾਲ ਮਲੇਰੀਆ ਨੂੰ ਪੂਰੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ।

Comments