ਸਲਾਨਾ ਸ਼੍ਰੀ ਹਨੂਮਾਨ ਚਾਲੀਸਾ ਪਾਠ ਸੰਪੂਰਨ, ਭਗਤੀਮਈ ਮਾਹੌਲ ਵਿੱਚ ਸਮਾਗਮ


ਹੁਸ਼ਿਆਰਪੁਰ/ਦਲਜੀਤ ਅਜਨੋਹਾ: 
ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਵਿਖੇ ਇੱਕ ਭਗਤੀਮਈ ਮਾਹੌਲ ਵਿੱਚ ਸਲਾਨਾ ਸ਼੍ਰੀ ਹਨੂਮਾਨ ਚਾਲੀਸਾ ਪਾਠ ਦਾ ਇੱਕ ਸਾਲ ਪੂਰਾ ਹੋਣ ਉਪਰੰਤ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਪਾਠ ਵਿਸ਼ਵ ਕਲਿਆਣ ਲਈ ਪੰਡਿਤ ਮੈਡਮ ਜੀਵਨ ਗੌਤਮ, ਮੈਡਮ ਰੀਟਾ ਰਾਣੀ ਅਤੇ ਵਿੱਕੀ ਅਗਨੀਹੋਤਰੀ ਦੀ ਅਗਵਾਈ ਹੇਠ ਲਗਾਤਾਰ ਇੱਕ ਸਾਲ ਤੱਕ ਚੱਲਦਾ ਰਿਹਾ।
ਇਸ ਮੌਕੇ ਸੰਗਤਾਂ ਵਲੋਂ ਪੰਡਿਤ ਜੀਵਨ ਗੌਤਮ ਦੇ ਗ੍ਰਹਿ ਵਿਖੇ ਵਿਧੀਵਤ ਪੂਜਾ-ਅਰਚਨਾ ਅਤੇ ਹਵਨ ਕਰਵਾਇਆ ਗਿਆ। ਪੂਰਨ ਅਹੂਤੀ ਉਪਰੰਤ ਸੰਗਤਾਂ ਨੇ ਭਗਵਾਨ ਦੀ ਮਹਿਮਾ ਦਾ ਗੁਣਗਾਨ ਕਰਦੇ ਹੋਏ ਆਤਮਿਕ ਆਨੰਦ ਪ੍ਰਾਪਤ ਕੀਤਾ।
ਸਮਾਗਮ ਦੌਰਾਨ ਭਗਤਜਨਾਂ ਲਈ ਅਟੁੱਟ ਭੰਡਾਰਾ ਵੀ ਵਰਤਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕਰਕੇ ਪ੍ਰਸਾਦ ਗ੍ਰਹਿਣ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਧਾਰਮਿਕ ਪ੍ਰਵਕਤਾ ਗੁਲਸ਼ਨ ਕੁਮਾਰ ਬੰਗਾ ਅਤੇ ਪ੍ਰੋਫੈਸਰ ਦਵਿੰਦਰ ਕੁਮਾਰ ਸ਼ਰਮਾ ਨੇ ਸਮਾਗਮ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸੀਨੀਅਰ ਪੱਤਰਕਾਰ ਦਲਜੀਤ ਅਜਨੋਹਾ ਵੱਲੋਂ ਪ੍ਰੋਫੈਸਰ ਦਵਿੰਦਰ ਕੁਮਾਰ ਸ਼ਰਮਾ ਅਤੇ ਪ੍ਰਵਕਤਾ ਗੁਲਸ਼ਨ ਕੁਮਾਰ ਬੰਗਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਅਜਿਹੇ ਧਾਰਮਿਕ ਸਮਾਗਮ ਲੋਕਾਂ ਵਿੱਚ ਆਤਮਿਕ ਸ਼ਾਂਤੀ, ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰਕ ਅਤੇ ਧਾਰਮਿਕ ਮੁੱਲਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਸਮਾਗਮ ਇਲਾਕੇ ਵਿੱਚ ਭਗਤੀ ਅਤੇ ਏਕਤਾ ਦਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ।

Comments