:
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਵਿਖੇ ਸਵਿਤਰੀ ਅੰਬੇਡਕਰ ਕਲਚਰਲ ਕਲੱਬ ਵੱਲੋਂ ਕਰਵਾਏ ਜਾ ਰਹੇ ਫੂਲੇ ਅੰਬੇਡਕਰ ਯਾਦਗਾਰੀ ਹਫ਼ਤਾ ਸਮਾਗਮ ਵਿੱਚ ਦਫ਼ਤਰ ਭਾਸ਼ਾ ਵਿਭਾਗ ਹੁਸ਼ਿਆਰਪੁਰ ਵਿਖੇ ਬਤੌਰ ਖੋਜ ਅਫ਼ਸਰ ਕਾਰਜ ਕਰ ਰਹੇ ਡਾ. ਜਸਵੰਤ ਰਾਏ ਦਾ ਉਨ੍ਹਾਂ ਦੇ ਬਹੁਜਨ ਨਾਇਕਾਂ ਦੇ ਅੰਦੋਲਨਾਂ 'ਤੇ ਕੀਤੇ ਖੋਜ ਭਰਪੂਰ ਕਾਰਜਾਂ ਲਈ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ 'ਬਾਬੂ ਮੰਗੂ ਰਾਮ ਮੁਗੋਵਾਲੀਆ ਦਾ ਪੰਜਾਬ ਵਿੱਚ ਆਦਿ ਧਰਮ ਅੰਦੋਲਨ ਅਤੇ ਇਸਦਾ ਅੰਬੇਡਕਰ ਅੰਦੋਲਨ ਵਿੱਚ ਯੋਗਦਾਨ' ਵਿਸ਼ੇ 'ਤੇ ਮੁਖ ਭਾਸ਼ਣ ਵੀ ਕਰਵਾਇਆ ਗਿਆ। ਸਮੁੱਚੇ ਸਮਾਗਮ ਦੌਰਾਨ ਸੰਯੋਜਕ ਦਾ ਕਾਰਜ ਕੀਤਾ ਡਾ. ਕੇ ਕਲਿਆਣੀ ਪ੍ਰੋਫੈਸਰ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਬੰਗਲੌਰ ਨੇ। ਡਾ. ਰਾਏ ਨੇ ਕਿਹਾ ਕਿ ਗ਼ਦਰੀ ਯੋਧੇ ਤੇ ਆਦਿ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁਗੋਵਾਲੀਆ ਨੇ ਬਾਬਾ ਸਾਹਿਬ ਵਾਂਗ ਤਸ਼ੱਦਦ ਦਾ ਸ਼ਿਕਾਰ ਹੋ ਕੇ ਮੁਢਲੀ ਸਿੱਖਿਆ ਗ੍ਰਹਿਣ ਕੀਤੀ। ਅਮਰੀਕਾ ਜਾ ਕੇ ਗ਼ਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ। ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਅਮਰੀਕਾ ਤੋਂ ਹਥਿਆਰਾਂ ਦਾ ਜਹਾਜ਼ ਭਰ ਕੇ ਭਾਰਤ ਲਿਆਉਂਦੇ ਹੋਏ ਗ੍ਰਿਫ਼ਤਾਰ ਹੋਏ।ਦੋ ਵਾਰ ਫ਼ਾਂਸੀ ਦੀ ਸਜ਼ਾ ਤੋਂ ਬਚੇ। ਸੋਲਾਂ ਸਾਲ ਗ਼ਦਰ ਪਾਰਟੀ ਵਿੱਚ ਕਾਰਜ ਕਰਨ ਤੋਂ ਬਾਅਦ ਭਾਰਤ ਆਏ। ਇੱਥੇ ਆ ਕੇ ਹਾਸ਼ੀਆਗਤ ਲੋਕਾਂ ਨੂੰ ਸਮਾਜਿਕ ਗ਼ੁਲਾਮੀ ਤੋਂ ਮੁਕਤ ਕਰਾਉਣ ਲਈ ਆਦਿ ਧਰਮ ਦਾ 11-12 ਜੂਨ 1926 ਈਸਵੀ ਨੂੰ ਗਠਨ ਕੀਤਾ। ਹੁਣ ਜਦੋਂ ਇਸ ਆਦਿ ਧਰਮ ਮਿਸ਼ਨ ਦੀ 100ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਅਤੇ ਨਾਲ਼ ਦੀ ਨਾਲ਼ ਬਾਬੂ ਮੰਗੂ ਰਾਮ ਹੁਰਾਂ ਦੇ ਸੰਘਰਸ਼ ਅਤੇ ਉਨ੍ਹਾਂ ਵੱਲੋਂ ਸਥਾਪਿਤ ਕੀਤੇ ਗਏ ਆਦਿ ਧਰਮ ਅੰਦੋਲਨ ਦੀਆਂ ਪ੍ਰਾਪਤੀਆਂ ਨੂੰ ਵੀ ਪੜਚੋਲਿਆ ਜਾ ਰਿਹਾ ਹੈ। ਬਾਬੂ ਮੰਗੂ ਰਾਮ ਮੁਗੋਵਾਲੀਆ ਨੂੰ ਪੰਜਾਬ ਦਾ ਅੰਬੇਡਕਰ ਕਰਕੇ ਵੀ ਯਾਦ ਕੀਤਾ ਜਾਂਦਾ ਹੈ।ਡਾ. ਜਸਵੰਤ ਰਾਏ ਵੱਲੋਂ ਪੇਸ਼ ਵਿਚਾਰਾਂ 'ਤੇ ਹਾਜ਼ਰ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਵੱਲੋਂ ਕੀਤੇ ਸਵਾਲਾਂ 'ਤੇ ਘੰਟਾ ਭਰ ਸੰਵਾਦ ਹੋਇਆ। ਖ਼ੁਸ਼ੀ ਦੀ ਗੱਲ ਇਹ ਰਹੀ ਕਿ ਗ੍ਰੇਜੂਏਸ਼ਨ ਅਤੇ ਮਾਸਟਰਜ਼ ਕਰ ਰਹੇ ਭਾਰਤ ਭਰ ਤੋਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਤਿੱਖੇ ਸਵਾਲਾਂ ਤੋਂ ਪਤਾ ਲਗਦਾ ਸੀ ਕਿ ਇੰਟਰਨੈਟ ਦੇ ਯੁਗ ਵਿੱਚ ਜਦੋਂ ਅਸੀਂ ਵਿਦਿਆਰਥੀਆਂ 'ਤੇ ਇਹ ਤੁਹਮਤ ਲਗਾਉਂਦੇ ਹਾਂ ਕਿ ਇਹ ਪੜ੍ਹਦੇ ਨਹੀਂ ਤਾਂ ਇਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਸਾਹਿਤਕ ਅਤੇ ਇਤਿਹਾਸਕ ਪੱਖ 'ਤੇ ਗੂਹੜੀ ਪਕੜ ਦੇਖ ਕੇ ਨਾਜ਼ ਮਹਿਸੂਸ ਹੁੰਦਾ ਸੀ।ਸਮਾਗਮ ਦੀ ਕਾਰਵਾਈ ਨੂੰ ਸਮੇਟਦਿਆਂ ਡਾ. ਕੇ ਕਲਿਆਣੀ ਨੇ ਕਿਹਾ ਕਿ ਬਹੁ ਵਿਧਾਵੀ ਸਮਾਜਿਕ ਅਤੇ ਸਾਹਤਿਕ ਸਮਾਗਮਾਂ ਦਾ ਗੜ੍ਹ ਮੰਨੀ ਜਾਂਦੀ ਏ.ਪੀ.ਯੂ. ਵਿੱਚ ਪੰਜਾਬ ਦੇ ਇੱਕ ਬਹੁਤ ਵੱਡੇ ਜੁਝਾਰੂ ਆਗੂ ਦੇ ਹਾਸ਼ੀਆਗਤ ਲੋਕਾਂ ਲਈ ਅੰਦੋਲਨ ਬਾਰੇ ਨਵੀਂ ਜਾਣਕਾਰੀ ਪੜ੍ਹਨ ਸੁਣਨ ਨੂੰ ਮਿਲੀ ਹੈ। ਭਵਿੱਖ ਵਿੱਚ ਯੂਨੀਵਰਸਿਟੀ ਇਵੇਂ ਦੇ ਹੋਰ ਵਿਸ਼ਿਆਂ 'ਤੇ ਸਮਾਗਮ ਰਚਾਉਂਦੀ ਰਹੇਗੀ। ਇਸ ਮੌਕੇ ਯੂਨੀਵਰਸਿਟੀ ਫੈਕਲਟੀ ਅਤੇ ਸਵਿੱਤਰੀ ਅੰਬੇਡਕਰ ਕਲਚਰਲ ਕਲੱਬ ਵੱਲੋਂ ਡਾ. ਜਸਵੰਤ ਰਾਏ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਡਾ. ਕਮਲ ਕੇਰਲਾ, ਡਾ. ਆਸਿਮ ਸਦੀਕੀ ਛੱਤੀਸਗੜ੍ਹ, ਡਾ. ਡੇਨਬਾ ਪਰਾਸਾਂਤ ਹੈਦਰਾਵਾਦ, ਵਿਦਿਆਰਥੀ ਰੋਸ਼ਨ, ਸੌਰਭ, ਹਾਰਸ਼ਲ, ਪੇਰੀਆਰ, ਕਰਨ ਹੁਸ਼ਿਆਰਪੁਰ, ਸਤਨਾਮ ਸਿੰਘ ਸੰਗਰੂਰ ਸਮੇਤ ਯੂਨੀਵਰਸਿਟੀ ਦੇ ਪ੍ਰੋਫੈਸਰ, ਵਿਦਿਆਰਥੀ ਅਤੇ ਕਲੱਬ ਦੇ ਮੈਂਬਰ ਸ਼ਾਮਿਲ ਸਨ।
Comments
Post a Comment