ਹੁਸ਼ਿਆਰਪੁਰ/ਦਲਜੀਤ ਅਜਨੋਹਾ
ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀਮਤੀ ਕਮਲਪ੍ਰੀਤ ਕੌਰ ਬਰਾੜ (IAS) ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀਮਤੀ ਆਸ਼ਿਕਾ ਜੈਨ (IAS) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਹੇਠ, ਡਾ. ਜਤਿੰਦਰ ਭਾਟੀਆ, ਜ਼ਿਲ੍ਹਾ ਸਿਹਤ ਅਫ਼ਸਰ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਮਾਹਿਲਪੁਰ ਅਤੇ ਗੜ੍ਹਸ਼ੰਕਰ ਖੇਤਰ ਵਿੱਚ ਸੈੰਪਲ ਲਏ ਗਏ ਅਤੇ ਜਾਗਰੂਕਤਾ ਗਤੀਵਿਧੀਆਂ ਚਲਾਈਆਂ ਗਈਆਂ।
ਇਸ ਤਹਿਤ ਫੂਡ ਸੇਫਟੀ ਅਫ਼ਸਰ ਇਸ਼ਾਨ ਬੰਸਲ ਵੱਲੋਂ ਫੂਡ ਸੇਫਟੀ ਆਨ ਵੀਲਜ਼ ਟੀਮ ਦੇ ਸਹਿਯੋਗ ਨਾਲ ਮਾਹਿਲਪੁਰ ਅਤੇ ਗੜ੍ਹਸ਼ੰਕਰ ਖੇਤਰ ਵਿੱਚ ਮਿਠਾਈ ਨਿਰਮਾਤਾਵਾਂ ਲਈ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਇਸ ਦੌਰਾਨ ਫੂਡ ਬਿਜ਼ਨਸ ਓਪਰੇਟਰਾਂ (FBOs) ਦੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਨੂੰ ਸਮਝਣ ਲਈ ਵਿਸਥਾਰਪੂਰਵਕ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਫੂਡ ਸੇਫਟੀ ਨਿਯਮਾਂ ਅਤੇ ਸਫ਼ਾਈ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ।
ਖ਼ਾਸ ਤੌਰ ‘ਤੇ ਪਨੀਰ ਦੀ ਸਾਫ਼-ਸੁਥਰੀ ਤਿਆਰੀ ਸੰਬੰਧੀ ਪ੍ਰਕਿਰਿਆਵਾਂ ‘ਤੇ ਜ਼ੋਰ ਦਿੱਤਾ ਗਿਆ, ਜਿਸ ਵਿੱਚ ਸਿਰਫ਼ ਮਨਜ਼ੂਰਸ਼ੁਦਾ ਕੋਏਗੂਲੈਂਟ (Coagulants) ਦੀ ਵਰਤੋਂ ਅਤੇ ਤਿਆਰੀ ਸਥਾਨਾਂ ਦੀ ਸਫ਼ਾਈ ਬਣਾਈ ਰੱਖਣ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਇਸ ਦੌਰਾਨ ਫੂਡ ਬਿਜ਼ਨਸ ਓਪਰੇਟਰਾਂ ਵੱਲੋਂ ਦਿੱਤੇ ਗਏ ਸੁਝਾਅ ਅਤੇ ਫੀਡਬੈਕ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਇਸ ਤੋਂ ਬਾਅਦ ਮਾਹਿਲਪੁਰ ਅਤੇ ਗੜ੍ਹਸ਼ੰਕਰ ਖੇਤਰ ਵਿੱਚ ਸਟ੍ਰੀਟ ਫੂਡ ਵੇਂਡਰਾਂ, ਖ਼ਾਸ ਕਰਕੇ ਗੋਲਗੱਪਾ ਵੇਂਡਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਦੀਆਂ ਸਫ਼ਾਈ ਸੰਬੰਧੀ ਸਥਿਤੀਆਂ ਦਾ ਮੁਲਾਂਕਣ ਕੀਤਾ ਗਿਆ। ਇਸ ਦੌਰਾਨ ਤਿਆਰ-ਖਾਣਯੋਗ ਗੋਲਗੱਪਾ ਅਤੇ ਗੋਲਗੱਪੇ ਦੇ ਪਾਣੀ ਦੇ ਦੋ ਸੈੰਪਲ ਇਕੱਠੇ ਕੀਤੇ ਗਏ, ਜਿਨ੍ਹਾਂ ਨੂੰ ਲੈਬੋਰਟਰੀ ਵਿਸ਼ਲੇਸ਼ਣ ਲਈ ਭੇਜਿਆ ਜਾਵੇਗਾ।
ਟੀਮ ਵੱਲੋਂ ਸਾਰੇ ਵੇਂਡਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਉਹ ਸਿਰਫ਼ ਪੀਣਯੋਗ ਪਾਣੀ ਦੀ ਵਰਤੋਂ ਕਰਨ, ਸਫ਼ਾਈ ਬਣਾਈ ਰੱਖਣ ਅਤੇ ਐਪਰਨ, ਦਸਤਾਨੇ ਅਤੇ ਸਿਰ ਕਵਰ ਵਰਗਾ ਸੁਰੱਖਿਆ ਸਾਮਾਨ ਲਾਜ਼ਮੀ ਤੌਰ ‘ਤੇ ਪਹਿਨਣ। ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਹੋਣ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਖਾਧ ਪਦਾਰਥ ਦੀ ਗੁਣਵੱਤਾ ਬਾਰੇ ਕੋਈ ਸ਼ੱਕ ਹੋਵੇ, ਤਾਂ ਇਸ ਸੰਬੰਧੀ ਜਾਣਕਾਰੀ ਤੁਰੰਤ ਸਿਹਤ ਵਿਭਾਗ ਜਾਂ ਫੂਡ ਸੇਫਟੀ ਅਧਿਕਾਰੀਆਂ ਨਾਲ ਸਾਂਝੀ ਕੀਤੀ ਜਾਵੇ, ਤਾਂ ਜੋ ਲੋੜੀਂਦੀ ਕਾਰਵਾਈ ਸਮੇਂ ਸਿਰ ਕੀਤੀ ਜਾ ਸਕੇ।
Comments
Post a Comment