ਹੁਸ਼ਿਆਰਪੁਰ/ਦਲਜੀਤ ਅਜਨੋਹਾ
ਦੁਆਬੇ ਦੀ ਧਰਤੀ ਦੇ ਵਾਸੀਆਂ ਨੇ ਜਿੱਥੇ ਆਜ਼ਾਦੀ ਸੰਗਰਾਮ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਇਆ ਉੱਥੇ ਅੱਜ ਵੀ ਦੇਸ਼ ਦੇ ਸਰਬਪੱਖੀ ਵਿਕਾਸ 'ਚ ਹਿੱਸਾ ਪਾਉਣ ਵਾਲੇ ਮਹਾਨ ਵਿਦਵਾਨਾਂ ਨੂੰ ਬਹੁਤ ਹੀ ਅਦਬ ਤੇ ਸਤਿਕਾਰ ਨਾਲ ਯਾਦ ਕਰਦਿਆਂ ਉਨ੍ਹਾਂ ਦੇ ਜੀਵਨ ਨਾਲ ਸਬੰਧਿਤ ਦਿਨਾਂ ਤੇ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਂਦਾ ਹੈ।ਅਜਿਹਾ ਹੀ ਇੱਕ ਵਿਲੱਖਣ ਸਮਾਗਮ ਸਵ: ਰਾਸ਼ਟਰਪਤੀ ਅਬਦੁੱਲ ਕਲਾਮ ਵਲੋਂ ਬਿਹਤਰੀਨ ਐਲਾਨੇ ਪਿੰਡ ਖੜ੍ਹੌਦੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗ੍ਰਾਮ ਪੰਚਾਇਤ,ਨੌਜਵਾਨ ਸਭਾ,ਨਗਰ ਨਿਵਾਸੀਆਂ ਵਲੋਂ ਕਰਵਾਇਆ ਗਿਆ।ਜਿਸ ਵਿੱਚ ਪ੍ਰਗਤੀਸ਼ੀਲ ਮੰਚ ਜਲਾਲਾਬਾਦ ਦੀ ਟੀਮ ਨੇ ਕੋਰੋਗ੍ਰਾਫੀਆਂ ਤੇ ਨਾਟਕਾਂ ਰਾਹੀਂ ਬਾਬਾ ਸਾਹਿਬ ਜੀ ਦੇ ਜੀਵਨ ਤੇ ਵਿਚਾਰਾਂ ਤੋਂ ਸਮਾਗਮ 'ਚ ਪੁੱਜੇ ਲੋਕਾਂ ਨੂੰ ਜਾਣੂ ਕਰਵਾਇਆ।ਪਿੰਡ ਦੀ ਸਰਪੰਚ ਸੀਮਾ ਜੀ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅਜਿਹੇ ਪ੍ਰੋਗਰਾਮ ਨਿਰੰਤਰ ਕਰਵਾਂਦੇ ਰਹਿਣ ਦਾ ਭਰੋਸਾ ਦਿਵਾਇਆ।ਪ੍ਰਵਾਸੀ ਭਾਰਤੀ ਰਾਮ ਜੀ ਦਾਸ ਨੇ ਕਿਹਾ ਕਿ ਬਾਬਾ ਸਾਹਿਬ ਜੀ ਵਲੋਂ ਲਿਖੇ ਸਵਿੰਧਾਨ ਚੋਂ ਮਿਲੇ ਮੌਲਿਕ ਅਧਿਕਾਰਾਂ ਨੇ ਦੱਬੇ ਕੁਚਲੇ ਸਮਾਜ ਨੂੰ ਇੱਜ਼ਤ ਨਾਲ ਜਿਊਂਣ ਦੇ ਯੋਗ ਬਣਾਇਆ।ਇਸ ਮੌਕੇ ਤੇ ਨੌਜਵਾਨ ਰਵੀ ਖੜ੍ਹੌਦੀ ਤੇ ਸਮਾਜ ਸੇਵਕ ਬਿੱਲਾ ਖੜੌਦੀ ਨੇ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਵਲੋਂ ਜੀਵਨ ਦੀਆਂ ਤੰਗੀਆਂ ਤਰੁਸੀਆਂ ਨਾਲ ਜੂਝਣ ਦੇ ਬਾਵਜੂਦ 32 ਵਿਦਿਅਕ ਡਿਗਰੀਆਂ ਪ੍ਰਾਪਤ ਕਰਨ ਤੇ ਦੇਸ਼ ਵਾਸਤੇ ਦੁਨੀਆਂ ਦਾ ਸਭ ਤੋਂ ਵੱਧ ਮਹੱਤਵਪੂਰਨ ਸਵਿੰਧਾਨ ਲਿਖਣ ਦੇ ਕਾਰਜ ਨੂੰ ਸਲਾਹਿਆ।ਪਿੰਡ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਤੇ ਬੱਚਿਆਂ ਨੇ ਵੀ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ।ਪਿੰਡ ਦੇ ਵਾਸੀ ਮਾਸਟਰ ਸੁਲੱਖਣ ਸਿੰਘ ਜੀ ਨੇ ਸਟੇਜ ਸਕੱਤਰ ਦੀ ਭੂਮਿਕਾ ਨੂੰ ਬਾਖੂਬੀ ਨਿਭਾਉਂਦਿਆਂ ਬਾਬਾ ਸਾਹਿਬ ਦੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ।ਇਸ ਮੌਕੇ ਤੇ ਬੋਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਨੇ ਕਿਹਾ ਕਿ ਉੱਘੇ ਆਜ਼ਾਦੀ ਘੁਲਾਟੀਆਂ ਦੇ ਇਤਿਹਾਸਕ ਪਿੰਡ ਖੜ੍ਹੌਦੀ ਵਿਖੇ ਮਹਾਨ ਦਾਰਸ਼ਨਿਕ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਸਬੰਧੀ ਸਮਾਗਮ 'ਚ ਸ਼ਮੂਲੀਅਤ ਕਰਨ ਤੇ ਉਹ ਫ਼ਖ਼ਰ ਮਹਿਸੂਸ ਕਰਦੇ ਹਨ ਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਕਹਿਣ ਦੇ ਨਾਲ ਨਾਲ ਅਜਿਹੇ ਮਹਾਨ ਯੁੱਗ ਪੁਰਸ਼ ਦਾ ਜਨਮ ਦਿਵਸ ਮਨਾਉਣ ਤੇ ਕੋਟਾਨ ਕੋਟਿ ਧੰਨਵਾਦ ਕੀਤਾ ਤੇ ਕਿਹਾ ਕਿ ਦੇਸ਼ ਤੇ ਸਵਿੰਧਾਨ ਨੂੰ ਫਾਸ਼ੀਵਾਦੀ ਤਾਕਤਾਂ ਤੋਂ ਬਚਾਉਣ ਲਈ ਬਾਬਾ ਸਾਹਿਬ ਜੀ ਦੇ ਅਸੂਲਾਂ ਤੇ ਪਹਿਰਾ ਦੇਣਾਂ ਸਮੇਂ ਦੀ ਮੁੱਖ ਲੋੜ ਹੈ ਤਾਂ ਧਰਮ ਨਿਰਪੱਖ ਤੇ ਬਰਾਬਰੀ ਵਾਲੇ ਬੇਗਮਪੁਰੇ ਦੀ ਸਿਰਜਣਾ ਕੀਤੀ ਜਾ ਸਕੇਗੀ।ਪ੍ਰਧਾਨ ਮਲਕੀਤ ਸਿੰਘ ਨੇ ਸਮਾਗਮ ਚ ਸ਼ਾਮਲ ਸਮੂਹ ਲੋਕਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਨਿਰਮਲ ਸਿੰਘ ਹਕੂਮਤਪੁਰ,ਸੁਰਜੀਤ ਸਿੰਘ,ਪਰਮਿੰਦਰ ਸਿੰਘ,ਸੋਮ ਨਾਥ,ਰਾਜਿੰਦਰ ਕੁਮਾਰ,ਬਿੰਦਰ,ਇਕਬਾਲ ਸਿੰਘ,ਤਰਲੋਕ ਸਿੰਘ,ਲਸ਼ਕਰ,ਮੁਲਕ ਰਾਜ ਨੇ ਵੀ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ।
Comments
Post a Comment