ਹੁਸ਼ਿਆਰਪੁਰ ਦੀ ਦਾਣਾ ਮੰਡੀ 'ਚ ਬਦਇੰਤਜ਼ਾਮੀ ਸਰਕਾਰ ਦੀ ਨਾਕਾਮੀ ਦਾ ਪ੍ਰਤੱਖ ਸਬੂਤ/ ਸੰਜੀਵ ਤਲਵਾੜਕਣਕ ਦੀ ਖਰੀਦ ਸਿਰ 'ਤੇ, ਪਰ ਮੰਡੀ 'ਚ ਗੰਦਗੀ ਅਤੇ ਟੁੱਟੀਆਂ ਸੜਕਾਂ ਦਾ ਬੁਰਾ ਹਾਲ/ ਹਲਕਾ ਇੰਚਾਰਜ ਤਲਵਾੜਅਨੁਭਵਹੀਨ ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਲਈ ਛੱਡਿਆ, ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਸੰਜੀਵ ਤਲਵਾੜ ਅਤੇ ਬਾਕੀ ਵਰਕਰਾਂ ਵੱਲੋਂ ਅੱਜ ਹੁਸ਼ਿਆਰਪੁਰ ਦੀ ਮੁੱਖ ਦਾਣਾ ਮੰਡੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਮੰਡੀ ਦੀ ਖਸਤਾ ਹਾਲਤ ਅਤੇ ਪ੍ਰਬੰਧਾਂ ਦੀ ਘਾਟ ਨੂੰ ਦੇਖਦਿਆਂ ਤਲਵਾੜ ਨੇ ਮੌਜੂਦਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਇਸ ਨੂੰ "ਅਨੁਭਵਹੀਨ" ਕਰਾਰ ਦਿੱਤਾ।
ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਜੀਵ ਤਲਵਾੜ ਨੇ ਕਿਹਾ ਕਿ ਸਰਕਾਰੀ ਆਦੇਸ਼ਾਂ ਮੁਤਾਬਕ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਤੈਅ ਹੈ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਮੰਡੀ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ। ਖਰੀਦ ਤਾਂ ਦੂਰ ਦੀ ਗੱਲ, ਕਿਸਾਨਾਂ ਲਈ ਆਪਣੀ ਫ਼ਸਲ ਦੀਆਂ ਟਰਾਲੀਆਂ ਮੰਡੀ ਦੇ ਅੰਦਰ ਲਿਆਉਣਾ ਹੀ ਅਸੰਭਵ ਹੋ ਰਿਹਾ ਹੈ। ਮੰਡੀ ਵਿੱਚ ਚਾਰੇ ਪਾਸੇ ਗੰਦਗੀ ਦਾ ਬੋਲਬਾਲਾ ਹੈ ਅਤੇ ਸਫ਼ਾਈ ਦਾ ਕੋਈ ਨਾਮੋ-ਨਿਸ਼ਾਨ ਨਹੀਂ, ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਸੰਜੀਵ ਤਲਵਾੜ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਇਸ ਲਾਪਰਵਾਹੀ ਦੀ ਸਖ਼ਤ ਨਿਖੇਧੀ ਕਰਦਾ ਹੈ। ਇਹ ਸਰਕਾਰ ਸਿਰਫ਼ ਗੱਲਾਂ ਦੀ ਸਰਕਾਰ ਹੈ, ਕੰਮ ਦੀ ਨਹੀਂ। ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ। ਜਿਹੜੀ ਸਰਕਾਰ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੰਡੀਆਂ ਦੇ ਰਸਤੇ ਤੱਕ ਠੀਕ ਨਹੀਂ ਕਰਵਾ ਸਕੀ, ਉਹ ਕਿਸਾਨਾਂ ਨੂੰ ਸਹੂਲਤਾਂ ਕੀ ਦੇਵੇਗੀ?"
ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਦੀ ਇਸ ਅਣਗਹਿਲੀ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦੀਆਂ ਤਕਲੀਫ਼ਾਂ ਨਾਲ ਕੋਈ ਸਰੋਕਾਰ ਨਹੀਂ ਹੈ। ਸੰਜੀਵ ਤਲਵਾੜ ਨੇ ਕਿਹਾ ਕਿ ਅੱਜ ਕਿਸਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਯਾਦ ਕਰ ਰਹੇ ਹਨ, ਜਦੋਂ ਉਨ੍ਹਾਂ ਦੀ ਫ਼ਸਲ ਦੇ ਇੱਕ-ਇੱਕ ਦਾਣੇ ਦੀ ਸੰਭਾਲ ਸਰਕਾਰ ਆਪ ਕਰਦੀ ਸੀ ਅਤੇ ਮੰਡੀ ਵਿੱਚ ਉਨ੍ਹਾਂ ਨੂੰ ਮੁਢਲੀਆਂ ਸਹੂਲਤਾਂ ਵੀ ਮੁਹੱਈਆ ਹੁੰਦੀਆਂ ਸਨ।
ਸੰਜੀਵ ਤਲਵਾੜ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਮੰਗ ਕੀਤੀ ਕਿ ਤੁਰੰਤ ਪ੍ਰਭਾਵ ਨਾਲ ਮੰਡੀ ਦੀਆਂ ਸੜਕਾਂ ਦੀ ਮੁਰੰਮਤ ਅਤੇ ਸਫ਼ਾਈ ਕਰਵਾਈ ਜਾਵੇ। ਕਿਸਾਨਾਂ ਲਈ ਮੰਡੀ ਵਿੱਚ ਪੀਣ ਵਾਲੇ ਪਾਣੀ, ਬਿਜਲੀ ਅਤੇ ਬੈਠਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਭੁਪਿੰਦਰ ਸਿੰਘ ਮਹਿੰਦੀਪੁਰ ਸਰਕਲ ਪ੍ਰਧਾਨ ਜਗਤਾਰ ਸਿੰਘ ਸਰਕਲ ਪ੍ਰਧਾਨ ਸੰਤੋਖ ਸਿੰਘ ਅੋਜਲਾਨੰਬਰਦਾਰ ਤੀਰਥ ਸਿੰਘ ਸਤੌਰ
ਹਰਜੀਤ ਸਿੰਘ ਵਿਜੈ ਸਿੰਘ ਮਨਜੀਤ ਸਿੰਘ ਤਰਲੋਚਨ ਸਿੰਘ 
ਮਨੋਰ ਸਿੰਘ ਮਹਿੰਦੀਪੁਰ ਵੀ ਹਾਜ਼ਰ ਸਨ।

Comments