ਬਿਜਲੀ ਕੱਟਾਂ ਦੇ ਵਿਰੋਧ ਵਿੱਚ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨਆਪ ਸਰਕਾਰ ਦੇ ਬੁਰੇ ਪ੍ਰਬੰਧਾਂ ਕਾਰਨ ਬਿਜਲੀ ਸੰਕਟ ਖੜ੍ਹਾ ਹੋਇਆ-ਲਾਲੀ ਬਾਜਵਾ, ਤਲਵਾੜ


ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸੂਬੇ ਭਰ ਵਿੱਚ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨਾਂ ਦੀ ਕੜੀ ਤਹਿਤ ਹੁਸ਼ਿਆਰਪੁਰ ਵਿੱਚ ਜਤਿੰਦਰ ਸਿੰਘ ਲਾਲੀ ਬਾਜਵਾ ਸਹਿਰੀ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਆਪ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ, ਇਸ ਮੌਕੇ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ ਤੇ ਹੁਸ਼ਿਆਰਪੁਰ ਹਲਕੇ ਦੇ ਇੰਚਾਰਜ ਸੰਜੀਵ ਤਲਵਾੜ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਲਾਲੀ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਨੂੰ ਬਿਜਲੀ ਪੱਖੋ ਸਰਪਲੱਸ ਸੂਬਾ ਬਣਾਉਣ ਵਿੱਚ ਉਸ ਸਮੇਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅਹਿਮ ਰੋਲ ਅਦਾ ਕੀਤਾ ਗਿਆ ਸੀ ਲੇਕਿਨ ਸੂਬੇ ਦੀ ਮੌਜੂਦਾ ਆਪ ਸਰਕਾਰ ਦੇ ਬੁਰੇ ਪ੍ਰਬੰਧਾਂ ਕਾਰਨ ਅੱਜ ਪੰਜਾਬ ਵਿੱਚ ਵੱਡਾ ਬਿਜਲੀ ਸੰਕਟ ਖੜ੍ਹਾ ਹੋ ਗਿਆ ਹੈ। ਲਾਲੀ ਬਾਜਵਾ ਅਤੇ ਸੰਜੀਵ ਤਲਵਾੜ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਵਾਏ ਚੁਟਕਲਿਆਂ ਤੋਂ ਹੋਰ ਕੁਝ ਵੀ ਨਹੀਂ ਜਾਣਦਾ, ਲੋਕਾਂ ਦੇ ਮੁੱਦਿਆਂ ਨੂੰ ਕਿਵੇਂ ਹੱਲ ਕਰਨਾ ਹੈ ਅਤੇ ਕਿਸ ਤਰ੍ਹਾਂ ਸਰਕਾਰੀ ਪ੍ਰਬੰਧ ਨੂੰ ਚਲਾ ਕੇ ਲੋਕਾਂ ਤੱਕ ਸਹੂਲਤਾਂ ਪੁੱਜਦੀਆਂ ਕਰਨੀਆਂ ਹਨ ਇਸ ਮਾਮਲੇ ਵਿੱਚ ਮੌਜੂਦਾ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਸ ਮੌਕੇ ਵਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਿਹੜੀਆਂ ਗੱਲਾਂ ਕਰਕੇ ਆਮ ਆਦਮੀ ਪਾਰਟੀ ਨੇ 2022 ਵਿੱਚ ਸਰਕਾਰ ਬਣਾਈ ਸੀ ਉਹ ਗੱਲਾਂ ਇਸ ਸਰਕਾਰ ਦੇ ਮੰਤਰੀ ਤੇ ਵਿਧਾਇਕ ਭੁੱਲ ਚੁੱਕੇ ਹਨ, ਮੌਜੂਦਾ ਸਮੇਂ ਬੱਸ ਇੱਕ ਹੀ ਕੰਮ ਚੱਲ ਰਿਹਾ ਹੈ ਤੇ ਉਹ ਹੈ ਸੂਬੇ ਨੂੰ ਲੁੱਟ ਕੇ ਦਿੱਲੀ ਵਾਲਿਆਂ ਦੀਆਂ ਜੇਬ੍ਹਾਂ ਭਰਨ ਦਾ। ਇਸ ਸਮੇਂ ਸੰਜੀਵ ਤਲਵਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸੂਬਾ ਸਰਕਾਰ ਫੇਲ ਹੋ ਚੁੱਕੀ ਹੈ, ਇਸ ਸਰਕਾਰ ਦੇ ਕਿਸ ਮੰਤਰੀ-ਵਿਧਾਇਕ ਨੇ ਕਦੋਂ ਸਰਕਾਰ ਛੱਡ ਕੇ ਭੱਜ ਜਾਣਾ ਹੈ ਇਹ ਉਨ੍ਹਾਂ ਨੂੰ ਖੁੱਦ ਵੀ ਨਹੀਂ ਪਤਾ ਕਿਉਂਕਿ ਭ੍ਰਿਸ਼ਟਾਚਾਰ ਵਿੱਚ ਡੁੱਬੀ ਇਸ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦਾ ਕੋਈ ਸਿਰ ਪੈਰ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਅੱਜ ਹਰ ਖੇਤਰ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਇਸ ਮੌਕੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਹਰਸਿਮਰਨ ਸਿੰਘ ਬਾਜਵਾ, ਇੰਦਰਜੀਤ ਕੰਗ, ਰਣਧੀਰ ਭਾਰਜ, ਐਡਵੋਕੇਟ ਸ਼ਮਸ਼ੇਰ ਸਿੰਘ, ਰਵਿੰਦਰਪਾਲ ਮਿੰਟੂ, ਬਿਕਰਮਜੀਤ ਸਿੰਘ ਕਲਸੀ, ਰਾਣਾ ਰਣਵੀਰ ਸਿੰਘ ਆਦਿ ਵੀ ਮੌਜੂਦ ਸਨ।

Comments