ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਸਫਲਤਾਪੂਰਵਕ ਸੰਪੰਨਡ੍ਰਿੱਲ ਦੌਰਾਨ ਵੱਖ-ਵੱਖ ਵਿਭਾਗਾਂ ਨੇ ਨਿਭਾਈ ਸਰਗਰਮ ਭੂਮਿਕਾਮੌਕ ਡ੍ਰਿੱਲ ਦੌਰਾਨ ਰਾਹਤ ਤੇ ਬਚਾਅ ਏਜੰਸੀਆਂ ਨੇ ਦਿਖਾਇਆ ਵਧੀਆ ਤਾਲਮੇਲ
ਹੁਸ਼ਿਆਰਪੁਰ/ਦਲਜੀਤ ਅਜਨੋਹਾ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਸਫਲਤਾਪੂਰਵਕ ਕਰਵਾਈ ਗਈ। ਇਸ ਅਭਿਆਸ ਦਾ ਮਕਸਦ ਐਮਰਜੈਂਸੀ ਹਾਲਾਤਾਂ ਦੌਰਾਨ ਪ੍ਰਸ਼ਾਸਨਕ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਦੀ ਜਾਂਚ ਕਰਨਾ ਸੀ।
ਡੀ.ਏ.ਵੀ ਕਾਲਜ ਹੁਸ਼ਿਆਰਪੁਰ ਵਿੱਚ ਮੌਕ ਡ੍ਰਿੱਲ ਦੀ ਸ਼ੁਰੂਆਤ ਸ਼ਾਮ 8 ਵਜੇ ਸਿਵਲ ਡਿਫੈਂਸ ਕੰਟਰੋਲ ਸੈਂਟਰ ਵਿੱਚ ਰੈੱਡ ਸਿਗਨਲ ਮਿਲਣ ਨਾਲ ਹੋਈ। ਇਸ ਤਹਿਤ ਪੂਰੇ ਜ਼ਿਲ੍ਹੇ ਵਿੱਚ ਸ਼ਾਮ 7:58 ਵਜੇ ਦੋ ਮਿੰਟ ਲਈ ਹਾਈ/ਲੋ ਪਿੱਚ ਸਾਇਰਨ ਵਜਾਏ ਗਏ, ਤਾਂ ਜੋ ਲੋਕਾਂ ਨੂੰ ਏਅਰ ਰੇਡ ਚੇਤਾਵਨੀ ਦਾ ਸੰਕੇਤ ਦਿੱਤਾ ਜਾ ਸਕੇ। ਇਸ ਤੋਂ ਬਾਅਦ ਪਾਵਰਕਾਮ ਵਿਭਾਗ ਵੱਲੋਂ ਸ਼ਾਮ 8 ਵਜੇ ਪੂਰੇ ਜ਼ਿਲ੍ਹੇ ਵਿੱਚ ਪੂਰਨ ਬਲੈਕਆਊਟ ਲਾਗੂ ਕੀਤਾ ਗਿਆ।
ਬਲੈਕਆਊਟ ਦੌਰਾਨ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਡਿਫੈਂਸ ਵਾਲੰਟੀਅਰਾਂ ਨੇ ਆਪਸੀ ਤਾਲਮੇਲ ਨਾਲ ਪੂਰੇ ਜ਼ਿਲ੍ਹੇ ਵਿੱਚ ਬਲੈਕਆਊਟ ਪ੍ਰਬੰਧ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਵਾਇਆ। ਇਸ ਦੌਰਾਨ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਹੋਰ ਸਾਰੀਆਂ ਬੱਤੀਆਂ ਬੰਦ ਰੱਖੀਆਂ ਗਈਆਂ।
ਹਵਾਈ ਹਮਲੇ ਦਾ ਖਤਰਾ ਟਲਣ ਤੋਂ ਬਾਅਦ ਸਿਵਲ ਡਿਫੈਂਸ ਕੰਟਰੋਲ ਸੈਂਟਰ ਤੋਂ ਗ੍ਰੀਨ ਸਿਗਨਲ ਜਾਰੀ ਕੀਤਾ ਗਿਆ, ਜਿਸ ਤੋਂ ਬਾਅਦ ਪਾਵਰਕਾਮ ਵਿਭਾਗ ਵੱਲੋਂ ਬਲੈਕਆਊਟ ਹਟਾਇਆ ਗਿਆ ਅਤੇ ਪੂਰੇ ਜ਼ਿਲ੍ਹੇ ਵਿੱਚ ਲਗਾਤਾਰ ਦੋ ਮਿੰਟ ਲਈ ਹਾਈ ਪਿੱਚ ਸਾਇਰਨ ਵਜਾ ਕੇ “ਆਲ ਕਲੀਅਰ” ਦਾ ਸੰਕੇਤ ਦਿੱਤਾ ਗਿਆ।
ਡੀ.ਏ.ਵੀ ਕਾਲਜ ਹੁਸ਼ਿਆਰਪੁਰ ਵਿੱਚ ਮੌਕ ਡ੍ਰਿੱਲ ਦੌਰਾਨ ਫਾਇਰ ਬ੍ਰਿਗੇਡ ਵਿਭਾਗ, ਸਿਵਲ ਸਰਜਨ ਵਿਭਾਗ, ਹੋਮ ਗਾਰਡਜ਼ (ਸਿਵਲ ਡਿਫੈਂਸ) ਅਤੇ ਐਨ.ਸੀ.ਸੀ ਕੈਡਿਟਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ ਗਿਆ। ਜ਼ਖਮੀਆਂ ਨੂੰ ਮੁਢਲੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣ, ਰਾਹਤ ਕਾਰਜ ਸ਼ੁਰੂ ਕਰਨ ਅਤੇ ਐਮਰਜੈਂਸੀ ਰਿਸਪਾਂਸ ਸਿਸਟਮ ਦਾ ਅਭਿਆਸ ਕੀਤਾ ਗਿਆ। ਇਸੇ ਤਰ੍ਹਾਂ ਪੁਲਿਸ ਪ੍ਰਸ਼ਾਸਨ ਵੱਲੋਂ ਮੌਕੇ ਤੱਕ ਐਮਰਜੈਂਸੀ ਰੈਸਕਿਊ ਸੇਵਾਵਾਂ ਦੀ ਤੁਰੰਤ ਪਹੁੰਚ ਯਕੀਨੀ ਬਣਾਉਣ ਲਈ ਟ੍ਰੈਫਿਕ ਕੰਟਰੋਲ ਕੀਤਾ ਗਿਆ ਅਤੇ ਪ੍ਰਭਾਵਿਤ ਖੇਤਰ ਨੂੰ ਘੇਰ ਕੇ ਸੁਰੱਖਿਆ ਪ੍ਰਬੰਧ ਬਣਾਈ ਰੱਖੇ ਗਏ।
ਇਸ ਦੌਰਾਨ ਐਸਡੀਐਮ ਅਮਨਦੀਪ ਕੌਰ ਸੰਧੂ ਨੇ ਦੱਸਿਆ ਕਿ ਇਹ ਮੌਕ ਡ੍ਰਿੱਲ ਸਫਲ ਰਹੀ ਅਤੇ ਇਸ ਨਾਲ ਵੱਖ-ਵੱਖ ਵਿਭਾਗਾਂ ਦੇ ਆਪਸੀ ਤਾਲਮੇਲ ਅਤੇ ਆਫ਼ਤ ਪ੍ਰਬੰਧਨ ਸਮਰੱਥਾ ਦੀ ਪ੍ਰਭਾਵਸ਼ਾਲੀ ਜਾਂਚ ਹੋਈ ਹੈ। ਉਨ੍ਹਾਂ ਸਹਿਯੋਗ ਲਈ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਸਬ ਰਜਿਸਟਰਾਰ ਹੁਸ਼ਿਆਰਪੁਰ ਹਰਜੋਤ ਸਿੰਘ, ਚੀਫ਼ ਵਾਰਡਨ ਸਿਵਲ ਡਿਫੈਂਸ ਐਡਵੋਕੇਟ ਲੋਕੇਸ਼ ਪੁਰੀ, ਡਿਪਟੀ ਚੀਫ਼ ਵਾਰਡਨ ਪ੍ਰਮੋਦ ਸ਼ਰਮਾ, ਪੰਜਾਬ ਹੋਮ ਗਾਰਡਜ਼ ਦੇ ਕਮਾਂਡਰ ਟ੍ਰੇਨਿੰਗ ਸੈਂਟਰ ਮਨਿੰਦਰ ਸਿੰਘ ਹੀਰਾ, ਕੰਪਨੀ ਕਮਾਂਡਰ ਅਤਿੰਦਰ ਸਿੰਘ, ਕੰਪਨੀ ਕਮਾਂਡਰ ਦਵਿੰਦਰ ਸਿੰਘ ਤੋਂ ਅਲਾਵਾ ਹੋਰ ਵਲੰਟੀਅਰ ਅਤੇ ਐਨਸੀਸੀ ਕੈਡਟਸ ਵੀ ਮੌਜੂਦ ਸਨ।
Comments
Post a Comment