ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ’ਚ ਡਾ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਰਕਾਰ ਤੁਰੰਤ ਗ੍ਰਿਫਤਾਰ ਕਰੇ -ਠੇਕੇਦਾਰ ਭਗਵਾਨ, ਐਡਵੋਕੇਟ ਮਾਨਾ,ਦਲਜੀਤ ਰਾਏ

 

ਹੁਸ਼ਿਆਰਪੁਰ/ਦਲਜੀਤ ਅਜਨੋਹਾ 
 ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ਼ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਹਲਕਾ ਚੱਬੇਵਾਲ ਦੇ ਇੰਚਾਰਜ ਐਡਵੋਕੇਟ ਪਲਵਿੰਦਰ ਮਾਨਾ,ਜਿਲਾ ਪ੍ਰਧਾਨ ਦਲਜੀਤ ਰਾਏ ਨੇ ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦੇ ਬੁੱਤ ਦੀ ਹੋਈ ਬੇਅਦਬੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਬੇਅਦਵੀ ਕਰਨ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਸਖਤ ਸਜ਼ਾ ਦਾ ਪ੍ਰਾਵਧਾਨ ਕਰੇ। ਉਨਾਂ ਕਿਹਾ ਕਿ ਬਾਰ ਬਾਰ ਡਾ. ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਗਹਿਰੀ ਸ਼ਾਜਿਸ਼ ਦਾ ਹਿੱਸਾ ਹੋ ਸਕਦਾ ਹੈ ਅਤੇ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਕਰਨ ਦੀ ਸ਼ਾਜਿਸ਼ ਘੜੀ ਜਾ ਰਹੀ ਹੈ ਜੋ ਬਹੁਤ ਚਿੰਤਾਜਨਕ ਹੈ। 
 ਬਸਪਾ ਆਗੂਆਂ ਨੇ ਕਿਹਾ ਪੰਜਾਬ ਅੰਦਰ ਆਪ ਸਰਕਾਰ ਦੇ ਚਲਦਿਆਂ ਹੁਣ ਤੱਕ 9 ਵਾਰ ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਦਬੀ ਹੋ ਚੁੱਕੀ ਹੈ, ਪਰ ਬਸਪਾ ਵਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਨਾ ਤਾਂ ਪੰਜਾਬ ਦੀ 'ਆਪ' ਸਰਕਾਰ ਨੇ ਅਤੇ ਨਾ ਹੀ ਕੇਂਦਰ ਦੀ ਭਾਜਪਾ ਸਰਕਾਰ ਨੇ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਕੀਤੇ ਹਨ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਇਹ ਚੁੱਪ ਸਾਬਤ ਕਰਦੀ ਹੈ ਕਿ ਕੇਂਦਰ ਅਤੇ ਪੰਜਾਬ ਦੀਆਂ ਦੋਵੇਂ ਸਰਕਾਰਾਂ ਦੀ ਮਾਨਸਿਕਤਾ ਅੰਬੇਡਕਰ ਵਿਰੋਧੀ ਹੈ ਅਤੇ ਇਹ ਪਾਰਟੀਆਂ ਡਾ.ਅੰਬੇਡਕਰ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਨਾਂ ਅੰਬੇਡਕਰ ਵਿਰੋਧੀ ਮਾਨਸਿਕਤਾ ਵਾਲੀਆਂ ਸਰਕਾਰਾਂ ਨੂੰ ਲੋਕ ਜਲਦ ਹੀ ਚਲਦਾ ਕਰ ਦੇਣਗੇ। ਬਸਪਾ ਆਗੂਆਂ ਨੇ ਕਿਹਾ ਬਸਪਾ ਪੰਜਾਬ ਦੇ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੰਜਾਬ ਸੰਭਾਲੋ ਮੁਹਿੰਮ ਸਫਲਤਾ ਪੂਰਵਕ ਅੱਗੇ ਵਧ ਰਹੀ ਹੈ ਜਿਸਤੋਂ ਪੰਜਾਬ ਵਾਸੀਆਂ ਦਾ ਧਿਆਨ ਭਟਕਾਉਣ ਲਈ ਅਜਿਹੀਆਂ ਗੈਰ ਕਨੂੰਨੀ, ਗੈਰ ਸਮਾਜਿਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

Comments