ਆਮ ਆਦਮੀ ਕਲੀਨਿਕ ਪਾਲਦੀ ਅਤੇ ਮਾਹਿਲਪੁਰ ਦੀ ਅਚਨਚੇਤ ਚੈਕਿੰਗਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਦਿੱਤਾ ਜਾਵੇ ਪੂਰਾ ਸਿਹਤ ਲਾਭ: ਡਾ. ਮਨਦੀਪ ਕਮਲ



ਹੁਸ਼ਿਆਰਪੁਰ/ਦਲਜੀਤ ਅਜਨੋਹਾ 
ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਵੱਲੋਂ ਆਮ ਆਦਮੀ ਕਲੀਨਿਕ ਪਾਲਦੀ ਅਤੇ ਆਮ ਆਦਮੀ ਕਲੀਨਿਕ ਮਾਹਿਲਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਮੂਹ ਸਟਾਫ ਡਿਊਟੀ ’ਤੇ ਹਾਜ਼ਰ ਪਾਇਆ ਗਿਆ ਅਤੇ ਨਿਰਧਾਰਿਤ ਦਵਾਈਆਂ ਦਾ ਸਟਾਕ ਵੀ ਲੋੜੀਂਦੀ ਮਾਤਰਾ ਵਿੱਚ ਉਪਲੱਬਧ ਪਾਇਆ ਗਿਆ।

ਇਸ ਮੌਕੇ ’ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਲੀਨਿਕ ਵਿੱਚ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਿੱਤਾ ਜਾਵੇ। ਉਨ੍ਹਾਂ ਜਚਾ-ਬੱਚਾ ਸਿਹਤ ਸੇਵਾਵਾਂ ਵੱਲ ਵਿਸ਼ੇਸ਼ ਤਵੱਜੋ ਦੇਣ ਲਈ ਕਿਹਾ ਅਤੇ ਗਰਭਵਤੀ ਮਹਿਲਾਵਾਂ ਦੀ ਸਮੇਂ ਸਿਰ ਰਜਿਸਟਰੇਸ਼ਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਦੌਰਾਨ ਹਾਈ ਰਿਸਕ ਕੇਸਾਂ ਦੀ ਵੱਖਰੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ।

ਉਨ੍ਹਾਂ ਸਟਾਫ ਨੂੰ ਇਹ ਵੀ ਹਦਾਇਤ ਕੀਤੀ ਕਿ ਕਲੀਨਿਕ ਵਿੱਚ ਇਲਾਜ ਲਈ ਆਏ ਸਾਰੇ ਮਰੀਜ਼ਾਂ ਦਾ ਡਾਟਾ ਸਮੇਂ ਸਿਰ ਆਨਲਾਈਨ ਦਰਜ ਕੀਤਾ ਜਾਵੇ, ਤਾਂ ਜੋ ਵਿਭਾਗ ਨੂੰ ਸਿਹਤ ਯੋਜਨਾਵਾਂ ਤਿਆਰ ਕਰਨ ਲਈ ਸਹੀ ਅੰਕੜੇ ਪ੍ਰਾਪਤ ਹੋ ਸਕਣ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੇ ਡਾਟਾ ਦੀ ਸਮੇਂ ਸਿਰ ਐਂਟਰੀ ਨਾਲ ਬਿਮਾਰੀਆਂ ਦੀ ਜਲਦੀ ਪਛਾਣ ਹੋ ਸਕਦੀ ਹੈ ਅਤੇ ਉਨ੍ਹਾਂ ਦਾ ਇਲਾਜ ਸਮੇਂ ਸਿਰ ਕਰਨਾ ਸੌਖਾ ਹੋ ਜਾਂਦਾ ਹੈ।

ਸਿਵਲ ਸਰਜਨ ਵੱਲੋਂ ਸਿਹਤ ਕੇਂਦਰ ਦੀ ਸਾਫ-ਸਫਾਈ ਦਾ ਵੀ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ ਅਤੇ ਸਟਾਫ ਨੂੰ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵੈਕਸੀਨ ਦੇ ਕੋਲਡ ਚੇਨ ਪੁਆਇੰਟ ਦਾ ਮੁਆਇਨਾ ਕੀਤਾ ਅਤੇ ਬਾਇਓ-ਮੈਡੀਕਲ ਵੇਸਟ ਮੈਨੇਜਮੈਂਟ ਸਬੰਧੀ ਹਦਾਇਤ ਕਰਦਿਆਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਇਸਦਾ ਨਿਪਟਾਰਾ ਯਕੀਨੀ ਬਣਾਇਆ ਜਾਵੇ।

ਚੈਕਿੰਗ ਦੌਰਾਨ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਕਲੀਨਿਕ ਵਿੱਚ ਚੈੱਕਅੱਪ ਕਰਵਾਉਣ ਆਏ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਮਰੀਜ਼ਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ ਕਲੀਨਿਕ ਵਿੱਚੋਂ ਹੀ ਮੁਫ਼ਤ ਉਪਲੱਬਧ ਹੋ ਜਾਂਦੀਆਂ ਹਨ ਅਤੇ ਲੋੜੀਂਦੇ ਟੈਸਟ ਵੀ ਕਲੀਨਿਕ ਵਿੱਚ ਹੀ ਕਰਵਾਏ ਜਾਂਦੇ ਹਨ। ਮਰੀਜ਼ਾਂ ਵੱਲੋਂ ਕਲੀਨਿਕ ਵਿੱਚ ਰਹੀਆਂ ਸਿਹਤ ਸਹੂਲਤਾਂ ਪ੍ਰਤੀ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਗਈ।

ਸਿਵਲ ਸਰਜਨ ਵੱਲੋਂ ਕਲੀਨਿਕ ਵਿੱਚ ਦਵਾਈਆਂ ਦੇ ਸਟਾਕ ਦੀ ਵੀ ਚੈਕਿੰਗ ਕੀਤੀ ਗਈ ਅਤੇ ਸਟਾਫ ਨੂੰ ਹਦਾਇਤ ਕੀਤੀ ਗਈ ਕਿ ਦਵਾਈਆਂ ਦੇ ਖਤਮ ਹੋਣ ਤੋਂ ਪਹਿਲਾਂ ਹੀ ਸਮੇਂ ਸਿਰ ਇਸ ਦੀ ਮੰਗ ਭੇਜੀ ਜਾਵੇ, ਤਾਂ ਜੋ ਦਵਾਈਆਂ ਦੀ ਲਗਾਤਾਰ ਉਪਲਬਧਤਾ ਬਣਾਈ ਰੱਖੀ ਜਾ ਸਕੇ ਅਤੇ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਮੌਕੇ ’ਤੇ ਸਿਹਤ ਕੇਂਦਰ ਦਾ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਹਾਜ਼ਰ ਸੀ।

Comments