ਹੁਸ਼ਿਆਰਪੁਰ /ਦਲਜੀਤ ਅਜਨੋਹਾ
ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇੱਕ ਅਹਿਮ ਜ਼ਿਲ੍ਹਾ ਪੱਧਰੀ ਮੀਟਿੰਗ ਪਾਂਡਵ ਤਲਾਬ, ਦਸੂਹਾ ਵਿਖੇ ਜ਼ਿਲ੍ਹਾ ਪ੍ਰਧਾਨ ਸੰਜੀਵ ਧੂਤ ਅਤੇ ਜਨਰਲ ਸਕੱਤਰ ਤਿਲਕ ਰਾਜ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾ ਕਨਵੀਨਰ ਜਸਵੀਰ ਤਲਵਾੜਾ, ਵਿੱਤ ਸਕੱਤਰ ਵਰਿੰਦਰ ਵਿੱਕੀ, ਪ੍ਰਿੰਸ ਪਲਿਆਲ (ਗੜ੍ਹਦੀਵਾਲਾ) ਅਤੇ ਰਜਤ ਮਹਾਜਨ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਪਿਛਲੇ ਸੰਘਰਸ਼ ਦੀ ਸਮੀਖਿਆ ਕੀਤੀ ਗਈ ਅਤੇ ਭਵਿੱਖ ਲਈ ਰਣਨੀਤੀ ਤਿਆਰ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ 18 ਨਵੰਬਰ 2022 ਨੂੰ ਜਾਰੀ ਕੀਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਨੂੰ ਲਟਕਾ ਰਹੀ ਹੈ।
ਉਹਨਾਂ ਨੇ ਕਿਹਾ ਕਿ ਮੁਲਾਜ਼ਮ ਕਾਫ਼ੀ ਪਰੇਸ਼ਾਨ ਹਨ, ਜਦਕਿ ਮੁੱਖ ਮੰਤਰੀ ਵਿਦੇਸ਼ ਦੌਰਿਆਂ ਵਿੱਚ ਵਿਅਸਤ ਹਨ। ਆਗੂਆਂ ਨੇ ਦੱਸਿਆ ਕਿ ਐਨ.ਪੀ.ਐਸ. ਅਧੀਨ ਰਿਟਾਇਰ ਹੋ ਰਹੇ ਕਈ ਕਰਮਚਾਰੀ ਗੁਜ਼ਾਰੇ ਲਈ ਮਜ਼ਦੂਰੀ ਕਰਨ ‘ਤੇ ਮਜਬੂਰ ਹਨ, ਪਰ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਚੁੱਪ ਦਰਸ਼ਕ ਬਣੀ ਹੋਈ ਹੈ।
ਉਹਨਾਂ ਨੇ ਚੇਤਾਵਨੀ ਦਿੱਤੀ ਕਿ ਮੁੱਖ ਮੰਤਰੀ ਜਿੱਥੇ ਵੀ ਪੰਜਾਬ ਵਿੱਚ ਜਾਣਗੇ, ਉਥੇ ਸੰਘਰਸ਼ ਕਮੇਟੀ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੀ ਹੈ, ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਮੇਟੀ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੇ, ਨਹੀਂ ਤਾਂ ਲਗਭਗ 2 ਲੱਖ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਦਾ ਡਟ ਕੇ ਵਿਰੋਧ ਕਰਨਗੇ।
ਇਸ ਮੌਕੇ ‘ਤੇ ਜਸਵੀਰ ਬੋਦਲ, ਉਮੇਸ਼ ਕੁਮਾਰ, ਚਮਨ ਲਾਲ, ਵਿਪਨ ਕੁਮਾਰ, ਮਨਮੋਹਨ ਸਿੰਘ, ਜਸਵਿੰਦਰ ਬੁੱਲ੍ਹੋਵਾਲ, ਅਸ਼ੋਕ ਬੁੱਲ੍ਹੋਵਾਲ, ਗੁਰਕਿਰਪਾਲ ਬੋਦਲ ਅਤੇ ਸੱਤਪਾਲ ਕਮਾਹੀ ਦੇਵੀ ਵੀ ਹਾਜ਼ਰ ਸਨ।
Comments
Post a Comment